ਨਵੀਂ ਦਿੱਲੀ: ਭਾਰਤ ਦੇ 12 ਨਿਸ਼ਾਨੇਬਾਜ਼ ਲੀਮਾ (ਪੇਰੂ) ਵਿੱਚ ਜੂਨੀਅਰ ਵਿਸ਼ਵ ਚੈਂਪੀਅਨਸ਼ਿਪ ਵਿੱਚ ਪਹਿਲੇ ਦਿਨ ਹੀ ਆਪੋ-ਆਪਣੇ ਵਰਗ ਦੇ ਫਾਈਨਲ ’ਚ ਪਹੁੰਚ ਗਏ ਹਨ। ਵਿਅਕਤੀਗਤ ਵਰਗ ਦੇ 6 ਕੁਆਲੀਫਿਕੇਸ਼ਨ ਮੁਕਾਬਲੇ ਬੁੱਧਵਾਰ ਨੂੰ ਖੇਡੇ ਗਏ ਸਨ। ਫਾਈਨਲ ਮੁਕਾਬਲੇ ਵੀ ਅੱਜ (ਵੀਰਵਾਰ) ਨੂੰ ਹੀ ਖੇਡੇ ਜਾਣੇ ਹਨ। ਰੁਦਰਾਕਸ਼ ਪਾਟਿਲ, ਧਨੁਸ਼ ਸ੍ਰੀਕਾਂਤ ਅਤੇ ਪਾਰਥ ਮਾਖੀਜਾ ਨੇ ਜੂਨੀਅਰ 10 ਮੀਟਰ ਏਅਰ ਰਾਈਫਲ ’ਚ ਜਦਕਿ ਮੇਹੁਲੀ ਘੋਸ਼ ਤੇ ਨਿਸ਼ਾ ਕੰਵਰ ਨੇ ਜੂਨੀਅਰ ਮਹਿਲਾ 10 ਮੀਟਰ ਏਅਰ ਰਾਈਫਲ ਵਰਗ ਦੇ ਫਾਈਨਲ ’ਚ ਜਗ੍ਹਾ ਬਣਾਈ ਹੈ। ਜੂਨੀਅਰ ਪੁਰਸ਼ 10 ਮੀਟਰ ਏਅਰ ਪਿਸਟਲ ਕੁਆਲੀਫਿਕੇਸ਼ਨ ਵਿੱਚ ਨਵੀਨ ਸਿਖਰ ’ਤੇ ਜਦਕਿ ਸਰਬਜੋਤ ਸਿੰਘ ਦੂਜੇ ਅਤੇ ਵਿਜੈਵੀਰ ਚੌਥੇ ਸਥਾਨ ’ਤੇ ਰਿਹਾ। ਜੂਨੀਅਰ ਮਹਿਲਾ 10 ਮੀਟਰ ਏਅਰ ਪਿਸਟਲ ’ਚ ਰਿਧਮ ਸਾਂਗਵਾਨ ਦੂਜੇ, ਮਨੂ ਭਾਕਰ ਤੀਜੇ ਅਤੇ ਈਸ਼ਾ ਸਿੰਘ ਪੰਜਵੇਂ ਸਥਾਨ ’ਤੇ ਰਹੀ ਹੈ। -ਪੀਟੀਆਈ