ਟੋਕੀਓ, 24 ਜੁਲਾਈ
ਵੇਟਲਿਫਟਰ ਮੀਰਾਬਾਈ ਚਾਨੂ ਨੇ ਟੋਕੀਓ ਓਲੰਪਿਕ ਦੇ ਪਹਿਲੇ ਦਿਨ ਜਿੱਥੇ ਦੇਸ਼ ਦੀ ਝੋਲੀ ਚਾਂਦੀ ਦਾ ਤਗ਼ਮਾ ਕੇ ਇਤਿਹਾਸ ਸਿਰਜ ਦਿੱਤਾ ਹੈ, ਉਥੇ ਨਿਸ਼ਾਨੇਬਾਜ਼ੀ, ਮੁੱਕੇਬਾਜ਼ੀ ਤੇ ਤੀਰਅੰਦਾਜ਼ੀ ਵਿੱਚ ਭਾਰਤ ਦੇ ਪੱਲੇ ਨਿਰਾਸ਼ਾ ਪਈ ਹੈ। ਟੈਨਿਸ ਕੋਰਟ ਵਿੱਚ ਸੁਮਿਤ ਨਾਗਲ ਨੇ ਕੁਝ ਉਮੀਦ ਜਗਾਈ ਹੈ। ਨਾਗਲ ਓਲੰਪਿਕ ਵਿੱਚ ਪੁਰਸ਼ ਸਿੰਗਲਜ਼ ਮੁਕਾਬਲੇ ਵਿੱਚ ਜਿੱਤ ਦਰਜ ਕਰਨ ਵਾਲਾ ਤੀਜਾ ਭਾਰਤੀ ਖਿਡਾਰੀ ਬਣ ਗਿਆ ਹੈ। ਉਸ ਨੇ ਡੈਨਿਸ ਇਸਤੋਮਿਨ ਨੂੰ ਦੋ ਘੰਟੇ 34 ਮਿੰਟ ਤੱਕ ਚੱਲੇ ਮੁਕਾਬਲੇ ਵਿੱਚ 6-4, 6-7 ਤੇ 6-4 ਨਾਲ ਹਰਾਇਆ। ਦੂਜੇ ਗੇੜ ਵਿੱਚ ਉਸ ਦਾ ਮੁਕਾਬਲਾ ਵਿਸ਼ਵ ਦੇ ਦੂਜੇ ਨੰਬਰ ਦੇ ਖਿਡਾਰੀ ਦਾਨਿਲ ਮੈਦਵੇਦੇਵ ਨਾਲ ਹੋਵੇਗਾ।
ਭਾਰਤ ਦੇ ਹੱੱਥ ਸਭ ਤੋਂ ਵੱਧ ਨਿਰਾਸ਼ਾ ਨਿਸ਼ਾਨੇਬਾਜ਼ੀ ਵਿੱਚ ਲੱਗੀ। ਸੌਰਭ ਚੌਧਰੀ ਪੁਰਸ਼ਾਂ ਦੇ 10 ਮੀਟਰ ਏਅਰ ਪਿਸਟਲ ਦੇ ਕੁਆਲੀਫਾਈਂਗ ਗੇੜ ਵਿੱਚ 586 ਅੰਕਾਂ ਨਾਲ ਸਿਖਰ ’ਤੇ ਰਹਿਣ ਦੇ ਬਾਵਜੂਦ ਤਗ਼ਮਾ ਜਿੱਤ ਨਹੀਂ ਸਕਿਆ। ਉਹ ਫਾਈਨਲ ਵਿੱਚ 137.4 ਅੰਕਾਂ ਨਾਲ ਸੱਤਵੇਂ ਸਥਾਨ ’ਤੇ ਰਿਹਾ। ਇਸ ਮੁਕਾਬਲੇ ਵਿੱਚ ਇਕ ਹੋਰ ਭਾਰਤੀ ਅਭਿਸ਼ੇਕ ਵਰਮਾ ਤਾਂ ਆਖਰੀ ਅੱਠਾਂ ਵਿੱਚ ਥਾਂ ਬਣਾਉਣ ਵਿੱਚ ਵੀ ਨਾਕਾਮ ਰਿਹਾ। ਉਹ 575 ਅੰਕਾਂ ਨਾਲ 17ਵੇਂ ਸਥਾਨ ’ਤੇ ਰਿਹਾ। ਮਹਿਲਾਵਾਂ ਦੇ ਇਸੇ ਵਰਗ ਵਿੱਚ ਪਲੇਠਾ ਓਲੰਪਿਕ ਖੇਡ ਰਹੀ ਇਲਾਵੇਨਿਲ ਵਾਲਾਰਿਵਨ ਤੇ ਅਪੂਰਵੀ ਚੰਦੇਲਾ ਫਾਈਨਲ ਵਿੱਚ ਪੁੱਜਣ ਵਿੱਚ ਨਾਕਾਮ ਰਹੀਆਂ। ਦੋਵੇਂ ਕ੍ਰਮਵਾਰ 16ਵੇਂ ਤੇ 36ਵੇਂ ਸਥਾਨ ’ਤੇ ਰਹੀਆਂ।
ਮੁੱਕੇਬਾਜ਼ੀ ਵਿੱਚ ਅੱਜ ਇਕਮਾਤਰ ਮੁੱਕੇਬਾਜ਼ ਵਿਕਾਸ ਕ੍ਰਿਸ਼ਨ (69 ਕਿਲੋ) ਰਿੰਗ ਵਿੱਚ ਉਤਰਿਆ, ਪਰ ਉਸ ਨੂੰ ਜਾਪਾਨ ਦੇ ਸੇਵੋਨਰੇਟਸ ਕਵਿੰਸਕੀ ਮੇਨਸਾਹ ਓਕਾਜਾਵਾ ਖ਼ਿਲਾਫ਼ 0-5 ਦੀ ਇਕਤਰਫ਼ਾ ਹਾਰ ਦਾ ਸਾਹਮਣਾ ਕਰਨਾ ਪਿਆ। ਅੱਜ ਪਹਿਲੇ ਦਿਨ ਇਨ੍ਹਾਂ ਖੇਡਾਂ ਵਿੱਚ ਨੌਂ ਮੈਂਬਰੀ ਮੁੱਕੇਬਾਜ਼ੀ ਦਲ ਦੀ ਸ਼ੁਰੂਆਤ ਖ਼ਰਾਬ ਰਹੀ।
ਤੀਰਅੰਦਾਜ਼ੀ ਵਿੱਚ ਮਿਕਸਡ ਡਬਲਜ਼ ਵਿੱਚ ਦੀਪਿਕਾ ਕੁਮਾਰੀ ਤੇ ਪ੍ਰਵੀਨ ਜਾਧਵ ਦੀ ਜੋੜੀ ਨੇ ਚੀਨੀ ਤਾਇਪੇ ਨੂੰ ਹਰਾਇਆ, ਪਰ ਦੱਖਣੀ ਕੋਰੀਆ ਖਿਲਾਫ਼ 2-6 ਦੀ ਹਾਰ ਦੌਰਾਨ ਭਾਰਤੀ ਜੋੜੀ ਬਿਲਕੁਲ ਵੀ ਲੈਅ ਵਿੱਚ ਨਜ਼ਰ ਨਹੀਂ ਆਈ। ਟੇਬਲ ਟੈਨਿਸ ਵਿੱਚ ਭਾਰਤ ਲਈ ਅੱਜ ਦਾ ਦਿਨ ਰਲਵਾਂ ਮਿਲਵਾਂ ਰਿਹਾ। ਅਚੰਤ ਸ਼ਰਤ ਕਮਲ ਤੇ ਮਨਿਕਾ ਬੱਤਰਾ ਦੀ ਮਿਕਸਡ ਡਬਲਜ਼ ਜੋੜੀ ਨੇ ਆਖਰੀ 16 ਦੇ ਗੇੜ ਵਿਚ ਹਾਰ ਗਈ। ਮਨਿਕਾ ਤੇ ਸੁਤੀਰਥਾ ਮੁਖਰਜੀ ਨੇ ਹਾਲਾਂਕਿ ਸਿੰਗਲਜ਼ ਮੁਕਾਬਲੇ ਜਿੱਤ ਕੇ ਭਾਰਤੀ ਖੇਮੇ ਵਿੱਚ ਇਕ ਵਾਰ ਫਿਰ ਜੋਸ਼ ਭਰ ਦਿੱਤਾ।
ਬੈਡਮਿੰਟਨ ਵਿੱਚ ਸਾਤਵਿਕਸਾਈਰਾਜ ਰੰਕੀਰੈੱਡੀ ਤੇ ਚਿਰਾਗ ਸ਼ੈੱਟੀ ਦੀ ਪੁਰਸ਼ ਡਬਲਜ਼ ਜੋੜੀ ਨੇ ਗਰੁੱਪ ਏ ਵਿੱਚ ਵਿਸ਼ਵ ਦੀ ਤੀਜੇ ਨੰਬਰ ਦੀ ਚੀਨੀ ਤਾਇਪੇ ਦੀ ਜੋੜੀ ਨੂੰ ਸਖ਼ਤ ਮੁਕਾਬਲੇ ਵਿੱਚ 21-16, 16-21 ਤੇ 27-25 ਨਾਲ ਹਰਾਇਆ। ਪੁਰਸ਼ ਸਿੰਗਲਜ਼ ਵਿੱਚ ਹਾਲਾਂਕਿ ਬੀ.ਸਾਈ ਪ੍ਰਣੀਤ ਨੂੰ ਇਜ਼ਰਾਇਲ ਦੇ ਹੇਠਲੀ ਦਰਜਾਬੰਦੀ ਵਾਲੇ ਮੀਸ਼ਾ ਜਿਲਬਰਮੈਨ ਤੋਂ 17-21, 15-21 ਦੀ ਸ਼ਿਕਸਤ ਮਿਲੀ।
ਜੂਡੋ ਵਿੱਚ ਭਾਰਤ ਦੀ ਇਕਮਾਤਰ ਚੁਣੌਤੀ ਸੁਸ਼ੀਲਾ ਦੇਵੀ (48 ਕਿਲੋ) ਆਪਣੇ ਪਹਿਲੇ ਹੀ ਮੁਕਾਬਲੇ ਵਿੱਚ ਹੰਗਰੀ ਦੇ ਇਵਾ ਸੇਰਨੋਵਿਜਕੀ ਤੋਂ ਹਾਰ ਗਈ। -ਪੀਟੀਆਈ