ਦਿਲਬਾਗ ਸਿੰਘ ਗਿੱਲ
ਅਟਾਰੀ, 2 ਅਗਸਤ
ਭਾਰਤ-ਪਾਕਿਸਤਾਨ ਸਰਹੱਦ ਨੇੜਲਾ ਪਿੰਡ ਅਟਾਰੀ ਸੰਸਾਰ ਭਰ ਵਿੱਚ ਪ੍ਰਸਿੱਧ ਹੈ। ਇਸ ਦੀ ਪਛਾਣ ਹੁਣ ਖੇਡ ਪਿਛੋਕੜ ਦੇ ਨਾਲ ਹੋਰ ਵੀ ਵੱਧ ਗਈ, ਜਦੋਂ ਇੱਥੋਂ ਦਾ ਜੰਮਪਲ ਸ਼ਮਸ਼ੇਰ ਸਿੰਘ ਟੋਕੀਓ ਓਲੰਪਿਕ ਲਈ ਭਾਰਤੀ ਹਾਕੀ ਟੀਮ ਵਿੱਚ ਚੁਣਿਆ ਗਿਆ।
ਸ਼ਮਸ਼ੇਰ ਸਿੰਘ ਅਟਾਰੀ ਆਪਣਾ ਪਲੇਠਾ ਓਲੰਪਿਕ ਖੇਡ ਰਿਹਾ ਹੈ। ਪਰਿਵਾਰ, ਪਿੰਡ ਅਤੇ ਇਲਾਕੇ ਦੇ ਲੋਕਾਂ ਨੂੰ ਸ਼ਮਸ਼ੇਰ ਤੋਂ ਬਹੁਤ ਆਸਾਂ ਹਨ। ਉਹ ਭਾਰਤ ਦੀਆਂ ਪੁਰਸ਼ ਤੇ ਮਹਿਲਾ ਹਾਕੀ ਟੀਮਾਂ ਦੀ ਜਿੱਤ ਲਈ ਦੁਆਵਾਂ ਕਰ ਰਹੇ ਹਨ। ਸ਼ਮਸ਼ੇਰ ਸਿੰਘ ਦੇ ਪਿਤਾ ਹਰਦੇਵ ਸਿੰਘ ਨੇ ਦੱਸਿਆ ਕਿ ਉਸ ਦੇ ਪੁੱਤ ਦੀ ਬਚਪਨ ਤੋਂ ਹੀ ਹਾਕੀ ਵਿੱਚ ਦਿਲਚਸਪੀ ਸੀ। ਛੇਂਵੀ ਜਮਾਤ ਮਗਰੋਂ ਸ਼ਮਸ਼ੇਰ ਨੂੰ ਸੁਰਜੀਤ ਹਾਕੀ ਅਕੈਡਮੀ ਜਲੰਧਰ ’ਚ ਦਾਖਲਾ ਮਿਲ ਗਿਆ। ਇਥੇ ਉਸ ਨੇ ਪੜ੍ਹਾਈ ਦੇ ਨਾਲ-ਨਾਲ ਹਾਕੀ ਵਿੱਚ ਸਿਖਲਾਈ ਪ੍ਰਾਪਤ ਕੀਤੀ। ਉਨ੍ਹਾਂ ਕਿਹਾ, ‘‘ਮੈਨੂੰ ਭਾਰਤੀ ਟੀਮ ਸਮੇਤ ਆਪਣੇ ਪੁੱਤਰ ’ਤੇ ਮਾਣ ਹੈ, ਜੋ ਕੁਲ ਆਲਮ ਵਿੱਚ ਦੇਸ਼ ਦਾ ਨਾਂ ਰੌਸ਼ਨ ਕਰ ਰਹੇ ਹਨ।’’