ਪੱਤਰ ਪ੍ਰੇਰਕ
ਅੰਮ੍ਰਿਤਸਰ, 6 ਨਵੰਬਰ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਹਾਕੀ ਟੀਮ ਨੇ ਖਾਲਸਾ ਕਾਲਜ ਦੇ ਮੈਦਾਨ ਵਿਚ ਖੇਡੇ ਗਏ ਫਾਈਨਲ ਮੁਕਾਬਲੇ ਵਿਚ ਮਹਾਰਾਜਾ ਰਣਜੀਤ ਸਿੰਘ ਹਾਕੀ ਅਕੈਡਮੀ ਦੀ ਟੀਮ ਨੂੰ ਹਰਾ ਕੇ ਮੇਜ਼ਬਾਨ ਖ਼ਾਲਸਾ ਕਾਲਜ ਦੀਵਾਲੀ ਟੂਰਨਾਮੈਂਟ ਦੀ ਟਰਾਫ਼ੀ ਜਿੱਤ ਲਈ ਹੈ। ਇਸ ਰੌਚਕ ਮੁਕਾਬਲੇ ’ਚ ਸ਼੍ਰੋਮਣੀ ਕਮੇਟੀ ਦੀ ਟੀਮ ਨੇ ਅਕੈਡਮੀ ਦੀ ਟੀਮ ਨੂੰ 1-0 ਦੇ ਫ਼ਰਕ ਨਾਲ ਹਰਾਇਆ, ਜਦੋਂਕਿ ਜੰਮੂ-11 ਦੀ ਟੀਮ ਤੀਸਰੇ ਸਥਾਨ ’ਤੇ ਰਹੀ।
ਇਸ ਮੌਕੇ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਰਾਜਿੰਦਰ ਮੋਹਨ ਸਿੰਘ ਛੀਨਾ ਨੇ ਟਰਾਫੀ ਅਤੇ ਇਨਾਮ ਵੰਡਣ ਮਗਰੋਂ ਐਲਾਨ ਕਰਦਿਆਂ ਕਿਹਾ ਕਿ ਆਉਣ ਵਾਲੇ ਸਮੇਂ ’ਚ ਇਸ ਟੂਰਨਾਮੈਂਟ ਨੂੰ ਹੋਰ ਵੱਡੇ ਪੱਧਰ ’ਤੇ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਹ ਟੂਰਨਾਮੈਂਟ ਦੇਸ਼ ਦੀ ਵੰਡ ਤੋਂ ਪਹਿਲਾਂ ਤੋਂ ਕਰਵਾਇਆ ਜਾਂਦਾ ਰਿਹਾ ਹੈ, ਜਿਸ ’ਚ ਪਾਕਿਸਤਾਨ ਦੀਆਂ ਟੀਮਾਂ ਵੀ ਭਾਗ ਲੈਂਦੀਆਂ ਰਹੀਆਂ ਹਨ। ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ ਵੱਲੋਂ ਖੇਡ ਮੁਕਾਬਲਿਆਂ ਨੂੰ ਸਫਲਤਾਪੂਰਵਕ ਸਮਾਪਤ ਕਰਵਾਉਣ ਲਈ ਵਧੀਆ ਪ੍ਰਬੰਧ ਕੀਤੇ ਗਏ ਸਨ। ਕਾਲਜ ਦੇ ਖੇਡ ਇੰਚਾਰਜ ਦਲਜੀਤ ਸਿੰਘ ਨੇ ਕਿਹਾ ਕਿ ਨੌਜਵਾਨ ਪੀੜ੍ਹੀ ਨੂੰ ਖੇਡਾਂ ਪ੍ਰਤੀ ਉਤਸ਼ਾਹਿਤ ਕਰਨ ਦੀ ਬਹੁਤ ਜ਼ਿਆਦਾ ਲੋੜ ਹੈ।