ਮੈਲਬਰਨ: ਤਾਲਿਬਾਨ ਦੇ ਸ਼ਾਸਨ ਵਾਲੇ ਅਫ਼ਗਾਨਿਸਤਾਨ ਵਿੱਚੋਂ ਬਚ ਕੇ ਨਿਕਲੀਆਂ ਤਾਇਕਵਾਂਡੋ ਦੀਆਂ ਸੱਤ ਮਹਿਲਾ ਖਿਡਾਰਨਾਂ ਆਸਟਰੇਲੀਆ ’ਚ ਵੱਸ ਗਈਆਂ ਹਨ। ਇਹ ਜਾਣਕਾਰੀ ਖੇਡ ਐਸੋਸੀਏਸ਼ਨ ਦੇ ਇੱਕ ਅਧਿਕਾਰੀ ਵੱਲੋਂ ਦਿੱਤੀ ਗਈ। ਆਸਟਰੇਲੀਅਨ ਤਾਇਕਵਾਂਡੋ ਦੀ ਮੁੱਖ ਕਾਰਜਕਾਰੀ ਹੀਥਰ ਗੈਰੀਓਕ ਨੇ ਅੱਜ ਦੱਸਿਆ ਕਿ ਇਨ੍ਹਾਂ ਖਿਡਾਰਨਾਂ ਨੇ ਇਕਾਂਤਵਾਸ ਪੂਰਾ ਕਰ ਲਿਆ ਹੈ। ਭਾਵੇਂ ਇਨ੍ਹਾਂ ਵਿਚੋਂ ਬਹੁਤੀਆਂ ਖਿਡਾਰਨਾਂ ਦੀ ਪਛਾਣ ਨਸ਼ਰ ਨਹੀਂ ਕੀਤੀ ਗਈ ਪਰ ਟੋਕੀਓ ਓਲੰਪਿਕ ’ਚ ਅਫ਼ਗਾਨਿਸਤਾਨ ਦੀ ਕਿਸੇ ਵੀ ਮਹਿਲਾ ਤਾਇਕਵਾਂਡੋ ਖਿਡਾਰਨ ਨੇ ਹਿੱਸਾ ਨਹੀਂ ਲਿਆ ਸੀ। ਗੈਰੀਓਕ ਨੇ ਦੱਸਿਆ ਕਿ ਆਸਟਰੇਲੀਆ ਦੀ ਕੌਮੀ ਫੁਟਬਾਲ ਟੀਮ ਦੇ ਸਾਬਕਾ ਕਪਤਾਨ ਕ੍ਰੇਗ ਫੋਸਟਰ ਨੇ ਇਨ੍ਹਾਂ ਖਿਡਾਰਨਾਂ ਨੂੰ ਅਫ਼ਗਾਨਿਸਤਾਨ ’ਚੋਂ ਬਾਹਰ ਨਿਕਲਣ ’ਚ ਸਹਾਇਤਾ ਕੀਤਾ। ਇਨ੍ਹਾਂ ਖਿਡਾਰਨਾਂ ਵਿੱਚੋਂ ਇੱਕ ਫਾਤਿਮਾ ਅਹਿਮਦੀ ਨੇ ਮਦਦਗਾਰਾਂ ਦਾ ਧੰਨਵਾਦ ਕਰਦਿਆਂ ਕਿਹਾ, ‘ਮੈਂ ਆਸਟਰੇਲੀਆ ਆ ਕੇ ਬਹੁਤ ਵਧੀਆ ਮਹਿਸੂਸ ਕਰ ਰਹੀ ਹਾਂ। ਅਸੀਂ ਇੱਥੇ ਬਿਨਾਂ ਕਿਸੇ ਖ਼ਤਰੇ ਤੋਂ ਸੁਰੱਖਿਅਤ ਹਾਂ।’ -ਏਪੀ