ਪੱਤਰ ਪ੍ਰੇਰਕ
ਪਟਿਆਲਾ, 7 ਜਨਵਰੀ
ਪੰਜਾਬੀ ਯੂਨੀਵਰਸਿਟੀ ਦੀ ਹੋਣਹਾਰ ਤੀਰਅੰਦਾਜ਼ ਪੂਜਾ ਦੀ ਚੋਣ ਦੁਬਈ ’ਚ 19 ਤੋਂ 27 ਫਰਵਰੀ ਤੱਕ ਹੋਣ ਵਾਲੀ ਪੈਰਾ ਵਰਲਡ ਚੈਂਪੀਅਨਸ਼ਿਪ ਲਈ ਹੋਈ ਹੈ। ਇਸ ਬਾਰੇ ਡਾਇਰੈਕਟਰ ਸਪੋਰਟਸ ਡਾ. ਗੁਰਦੀਪ ਕੌਰ ਰੰਧਾਵਾ ਨੇ ਦੱਸਿਆ ਕਿ ਇਹ ਖਿਡਾਰਨ ਖਾਲਸਾ ਕਾਲਜ, ਪਟਿਆਲਾ ਦੀ ਐੱਮਕਾਮ ਭਾਗ ਪਹਿਲਾ ਦੀ ਵਿਦਿਆਰਥਣ ਹੈ। ਇਹ ਖਿਡਾਰਨ 2018 ਦੀਆਂ ਏਸ਼ੀਅਨ ਗੇਮਜ਼ ਤੇ 2019 ਵਿਚ ਨੈਦਰਲੈਂਡਜ਼ ’ਚ ਹੋਏ ਵਰਲਡ ਪੈਰਾ ਚੈਂਪੀਅਨਸ਼ਿਪ ਦੇ ਮੁਕਾਬਲਿਆਂ ਵਿਚ ਭਾਗ ਲੈ ਚੁੱਕੀ ਹੈ ਅਤੇ ਹੁਣ ਉਪਰੋਕਤ ਚੈਂਪੀਅਨਸ਼ਿਪ ਵਿਚ ਭਾਗ ਲੈਣ ਲਈ ਆਪਣੇ ਕੋਚ ਸੁਰਿੰਦਰ ਸਿੰਘ ਰੰਧਾਵਾ ਦੀ ਅਗਵਾਈ ਹੇਠ ਅਭਿਆਸ ਕਰ ਰਹੀ ਹੈ।