ਮੁੰਬਈ: ਸਲਾਮੀ ਬੱਲੇਬਾਜ਼ ਮਯੰਕ ਅਗਰਵਾਲ ਨੇ ਅੱਜ ਇੱਥੇ ਨਿਊਜ਼ੀਲੈਂਡ ਖ਼ਿਲਾਫ਼ ਦੂਜੇ ਟੈਸਟ ਮੈਚ ਦੇ ਪਹਿਲੇ ਦਿਨ ਸਟੰਪ ਤੱਕ ਚਾਰ ਵਿਕਟਾਂ ’ਤੇ 221 ਦੌੜਾਂ ਬਣਾਈਆਂ। ਮੀਂਹ ਕਰ ਕੇ ਪਹਿਲੇ ਸੈਸ਼ਨ ਦੀ ਖੇਡ ਨਹੀਂ ਹੋ ਸਕੀ ਅਤੇ ਖੇਡ ਦੇਰੀ ਨਾਲ ਸ਼ੁਰੂ ਹੋਈ। ਮਾਯੰਕ 120 ਦੌੜਾਂ ਬਣਾ ਕੇ ਖੇਡ ਰਿਹਾ ਹੈ। ਦੂਜੇ ਪਾਸੇ ਰਿੱਧੀਮਾਨ ਸਾਹਾ 25 ਦੌੜਾਂ ਬਣਾ ਕੇ ਡਟਿਆ ਹੋਇਆ ਹੈ। ਅੱਜ ਦੇ ਇਸ ਮੈਚ ਵਿਚ ਵੀ ਚੇਤੇਸ਼ਵਰ ਪੁਜਾਰਾ ਦੀ ਖ਼ਰਾਬ ਫਾਰਮ ਜਾਰੀ ਰਹੀ ਜਦਕਿ ਕਪਤਾਨ ਵਿਰਾਟ ਕੋਹਲੀ ਵੀ ਖਾਤਾ ਖੋਲ੍ਹੇ ਬਿਨਾਂ ਹੀ ਆਊਟ ਹੋ ਗਿਆ ਜਿਸ ਨਾਲ ਭਾਰਤ ਦਾ ਸਕੋਰ ਤਿੰਨ ਵਿਕਟਾਂ ’ਤੇ 80 ਦੌੜਾਂ ਹੋ ਗਿਆ ਸੀ ਅਤੇ ਟੀਮ ਨੇ ਚੌਥੀ ਵਿਕਟ 160 ਦੌੜਾਂ ’ਤੇ ਗੁਆਈ ਜਿਸ ਨਾਲ ਦਬਾਅ ਵਧ ਰਿਹਾ ਸੀ। ਸ਼ੁਰੂ ਵਿਚ ਥੋੜ੍ਹਾ ਅਸਹਿਜ ਰਹਿਣ ਮਗਰੋਂ ਮਾਯੰਕ ਨਿਊਜ਼ੀਲੈਂਡ ਦੇ ਖੱਬੇ ਹੱਥ ਦੇ ਸਪਿੰਨਰ ਐਜਾਜ਼ ਪਟੇਲ ਦੀ ਗੇਂਦ ’ਤੇ ਛੱਕਾ ਮਾਰ ਕੇ ਲੈਅ ਵਿਚ ਆਇਆ ਅਤੇ ਟੈਸਟ ਕ੍ਰਿਕਟ ਵਿਚ ਸੈਂਕੜੇ ਵਾਲੀ ਆਪਣੀ ਚੌਥੀ ਪਾਰੀ ਦੌਰਾਨ ਉਸ ਨੇ 14 ਚੌਕੇ ਅਤੇ ਚਾਰ ਛੱਕੇ ਲਗਾਏ। -ਪੀਟੀਆਈ