ਬੰਗਲੌਰ, 3 ਜੁਲਾਈ
ਮੌਜੂਦਾ ਚੈਂਪੀਅਨ ਭਾਰਤ ਸੈਫ ਫੁਟਬਾਲ ਚੈਂਪੀਅਨਸ਼ਿਪ ਦੇ ਫਾਈਨਲ ਵਿੱਚ ਭਲਕੇ ਮੰਗਲਵਾਰ ਨੂੰ ਕੁਵੈਤ ਖ਼ਿਲਾਫ਼ ਉਤਰੇਗਾ। ਇਸ ਦੌਰਾਨ ਉਸ ਦੀਆਂ ਨਜ਼ਰਾਂ ਸ਼ਾਨਦਾਰ ਰਿਕਾਰਡ ਬਰਕਰਾਰ ਰੱਖਦਿਆਂ ਨੌਵਾਂ ਖ਼ਿਤਾਬ ਜਿੱਤਣ ’ਤੇ ਟਿਕੀਆਂ ਹੋਣਗੀਆਂ। ਭਾਰਤ ਨੇ ਸੈਮੀਫਾਈਨਲ ਵਿੱਚ ਲਿਬਨਾਨ ਨੂੰ ਪੈਨਲਟੀ ਸ਼ੂਟਆਊਟ ਵਿੱਚ 4-2 ਨਾਲ ਹਰਾਇਆ ਸੀ, ਜਦਕਿ ਕੁਵੈਤ ਨੇ ਬੰਗਲਾਦੇਸ਼ ’ਤੇ 1-0 ਨਾਲ ਜਿੱਤ ਦਰਜ ਕੀਤੀ। ਭਾਰਤੀ ਟੀਮ ਦੂਜੀ ਵਾਰ ਕੁਵੈਤ ਨਾਲ ਭਿੜੇਗੀ। ਇਸ ਤੋਂ ਪਹਿਲਾਂ ਗਰੁੱਪ ‘ਏ’ ਵਿੱਚ ਦੋਵਾਂ ਦਾ ਮੈਚ 1-1 ਨਾਲ ਡਰਾਅ ਰਿਹਾ ਸੀ। ਭਾਰਤ ਨੂੰ ਆਪਣੇ ਘਰੇਲੂ ਮੈਦਾਨ ’ਤੇ ਖੇਡਣ ਦਾ ਫ਼ਾਇਦਾ ਮਿਲੇਗਾ। ਹਾਲਾਂਕਿ, ਪਿਛਲੇ ਦੋ ਮੈਚਾਂ ਵਿੱਚ ਕਾਫ਼ੀ ਜੂਝਣ ਮਗਰੋਂ ਭਾਰਤ ਲਈ ਸਰਵੋਤਮ ਪ੍ਰਦਰਸ਼ਨ ਕਰਨਾ ਆਸਾਨ ਨਹੀਂ ਹੋਵੇਗਾ। ਟੀਮ ਦੇ ਸਹਾਇਕ ਕੋਚ ਮਹੇਸ਼ ਗਾਵਲੀ ਨੇ ਇਨ੍ਹਾਂ ਸ਼ੰਕਿਆਂ ਨੂੰ ਨਿਰਾਧਾਰ ਦੱਸਦਿਆਂ ਕਿਹਾ, ‘‘ਮੈਂ ਏਨਾ ਹੀ ਕਹਾਂਗਾ ਕਿ ਤਿਆਰੀ ਲਈ ਇੱਕ ਹਫ਼ਤੇ ਦਾ ਹੀ ਸਮਾਂ ਹੋਣ ਕਾਰਨ ਤੁਸੀਂ ਕੁੱਝ ਨਹੀਂ ਕਰ ਸਕਦੇ। ਫਿਟਨੈੱਸ ਲਈ ਇੱਕ ਮਹੀਨਾ ਜਾਂ ਵੱਧ ਸਮਾਂ ਹੋਣਾ ਚਾਹੀਦਾ ਹੈ।’’ ਭਾਰਤ ਦਾ ਮਾਹਿਰ ਡਿਫੈਂਡਰ ਸੰਦੇਸ਼ ਝਿੰਗਨ ਫਾਈਨਲ ਵਿੱਚ ਵਾਪਸ ਕਰ ਰਿਹਾ ਹੈ। ਪਾਕਿਸਤਾਨ ਤੇ ਕੁਵੈਤ ਖ਼ਿਲਾਫ਼ ਮੁਕਾਬਲਿਆਂ ਦੌਰਾਨ ਪੀਲਾ ਕਾਰਡ ਮਿਲਣ ਮਗਰੋਂ ਉਹ ਸੈਮੀਫਾਈਨਲ ਨਹੀਂ ਖੇਡ ਸਕਿਆ ਸੀ। ਉਸ ਦੀ ਥਾਂ ਅਨਵਰ ਅਲੀ ਖੇਡਿਆ ਸੀ। ਮੁੱਖ ਕੋਚ ਇਗੋਰ ਸਟਿਮਕ ਇਸ ਮੈਚ ਤੋਂ ਬਾਹਰ ਰਹੇਗਾ। ਉਸ ’ਤੇ ਫੀਫਾ ਦੀ ਅਨੁਸ਼ਾਸਨ ਕਮੇਟੀ ਨੇ ਦੋ ਮੈਚਾਂ ਦੀ ਪਾਬੰਦੀ ਲਗਾਈ ਹੋਈ ਹੈ। ਕਪਤਾਨ ਸੁਨੀਲ ਛੇਤਰੀ ਦਾ ਲੈਅ ਵਿੱਚ ਹੋਣਾ ਭਾਰਤ ਲਈ ਵਧੀਆ ਗੱਲ ਹੈ। ਉਸ ਨੇ ਲਗਾਤਾਰ ਤਿੰਨ ਮੈਚਾਂ ਵਿੱਚ ਗੋਲ ਕੀਤੇ ਹਨ। ਸੈਮੀਫਾਈਨਲ ਵਿੱਚ ਉਹ ਗੋਲ ਨਹੀਂ ਕਰ ਸਕਿਆ ਪਰ ਪੈਨਲਟੀ ਸ਼ੂਟਆਊਟ ਵਿੱਚ ਜ਼ਰੂਰ ਗੋਲ ਦਾਗ਼ਿਆ। -ਪੀਟੀਆਈ