ਟੋਕੀਓ: ਅੰਤਰਰਾਸ਼ਟਰੀ ਪੈਰਾਲੰਪਿਕ ਸਮਿਤੀ (ਆਈਪੀਸੀ) ਨੇ ਦੱਸਿਆ ਕਿ ਅਫ਼ਗਾਨਿਸਤਾਨ ’ਤੇ ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਉੱਥੋਂ ਦੋ ਪੈਰਾ ਖਿਡਾਰੀਆਂ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ ਹੈ ਪਰ ਉਸ ਨੇ ਉਨ੍ਹਾਂ ਦੇ ਟਿਕਾਣੇ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ। ਇਨ੍ਹਾਂ ਖਿਡਾਰੀਆਂ ਨੂੰ ਟੋਕੀਓ ਪੈਰਾਲੰਪਿਕ ਖੇਡਾਂ ਤੋਂ ਬਾਹਰ ਹੋਣ ਲਈ ਮਜਬੂਰ ਹੋਣਾ ਪਿਆ ਸੀ। ਤਾਇਕਵਾਂਡੋ ਦੇ ਖਿਡਾਰੀਆਂ ਜਾਕਿਆ ਖੁਦਾਦਾਦੀ ਅਤੇ ਹੁਸੈਨ ਰਸੋਲੀ ਨੇ ਟੋਕੀਓ ਪੈਰਾਲੰਪਿਕ ਖੇਡਾਂ ਵਿੱਚ ਅਫ਼ਗਾਨਿਸਤਾਨ ਦੀ ਅਗਵਾਈ ਕਰਨੀ ਸੀ ਪਰ ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਉਹ ਆਪਣੇ ਦੇਸ਼ ਵਿੱਚ ਹੀ ਫਸ ਗਏ। ਆਈਪੀਸੀ ਦੇ ਬੁਲਾਰੇ ਕਰੇਗ ਸਪੇਨਜ਼ ਤੋਂ ਜਦੋਂ ਇਨ੍ਹਾਂ ਖਿਡਾਰੀਆਂ ਅਤੇ ਇਨ੍ਹਾਂ ਦੇ ਖੇਡਾਂ ਵਿੱਚ ਹਿੱਸਾ ਲੈਣ ਦੀ ਸੰਭਾਵਨਾ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਦੋਵੇਂ ਖਿਡਾਰੀ ਹੁਣ ਅਫ਼ਗਾਨਿਸਤਾਨ ਤੋਂ ਬਾਹਰ ਹਨ। ਅਸੀਂ ਜਾਣਦੇ ਹਾਂ ਕਿ ਉਹ ਕਿੱਥੇ ਹਨ। ਅਫ਼ਗਾਨਿਸਤਾਨ ਦੇ ਖਿਡਾਰੀਆਂ ਨੂੰ ਖੇਡਾਂ ਤੋਂ ਹਟਣਾ ਪਿਆ ਕਿਉਂਕਿ ਦੇਸ਼ ਵਿੱਚ ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਰਾਜਧਾਨੀ ਕਾਬੁਲ ਤੋਂ ਸਾਰੀਆਂ ਹਵਾਈ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਸਾਡੀ ਤਰਜੀਹ ਅਜੇ ਉਨ੍ਹਾਂ ਦੇ ਖੇਡਾਂ ਵਿੱਚ ਹਿੱਸਾ ਲੈਣ ਦੀ ਨਹੀਂ ਸਗੋਂ ਉਨ੍ਹਾਂ ਦੀ ਸਿਹਤ ਅਤੇ ਸੁਰੱਖਿਆ ਦੀ ਹੈ। -ਪੀਟੀਆਈ