ਬੈਲਗ੍ਰੇਡ: ਪੁਰਤਗਾਲ ਫੁਟਬਾਲ ਟੀਮ ਦੇ ਕਪਤਾਨ ਕ੍ਰਿਸਟਿਯਾਨੋ ਰੋਨਾਲਡੋ ਨੇ ਪਿਛਲੇ ਹਫ਼ਤੇ ਵਿਸ਼ਵ ਕੱਪ ਕੁਆਲੀਫਾਇਰ ਮੁਕਾਬਲੇ ਦੌਰਾਨ ਇਥੇ ਗੁੱਸੇ ਵਿੱਚ ਜਿਸ ਆਰਮਬੈਂਡ ਨੂੰ ਮੈਦਾਨ ’ਤੇ ਸੁੱਟਿਆ ਸੀ ਉਸ ਲਈ ਇਕ ਵਿਅਕਤੀ ਨੇ ਚੈਰਿਟੀ ਨਿਲਾਮੀ ਵਿਚ 64000 ਯੂਰੋ (ਕਰੀਬ 55.22 ਲੱਖ ਰੁਪਏ) ਦੀ ਬੋਲੀ ਲਾਈ। ਸਰਬੀਆ ਦੇ ਸਰਕਾਰੀ ਟੈਲੀਵਿਜ਼ਨ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ ਹੈ। ਸਰਬੀਆ ਦੇ ਇੱਕ ਮਨੁੱਖੀ ਅਧਿਕਾਰਾਂ ਬਾਰੇ ਸਮੂਹ ਨੇ ਰੀੜ੍ਹ ਦੀ ਹੱਡੀ ਦੀ ਬਿਮਾਰੀ ਦਾ ਸਾਹਮਣਾ ਕਰ ਰਹੇ ਛੇ ਮਹੀਨੇ ਦੇ ਬੱਚੇ ਦੇ ਇਲਾਜ ਲਈ ਪੈਸੇ ਇਕੱਠੇ ਕਰਨ ਲਈ ਇਸ ਨੀਲੇ ਰੰਗ ਦੇ ਆਰਮਬੈਂਡ ਦੀ ਨਿਲਾਮੀ ਕਰਵਾਈ ਸੀ। ਪਿਛਲੇ ਹਫ਼ਤੇ ਸਰਬੀਆ ਖ਼ਿਲਾਫ਼ ਮੈਚ ਦੇ ਆਖ਼ਰੀ ਪਲਾਂ ’ਚ ਰੋਨਾਲਡੋ ਦੇ ਗੋਲ ਨੂੰ ਰੱਦ ਕਰ ਦਿੱਤਾ ਗਿਆ ਸੀ, ਜਿਸ ਤੋਂ ਬਾਅਦ ਉਹ ਮੈਦਾਨ ’ਚੋਂ ਬਾਹਰ ਚਲਾ ਗਿਆ ਸੀ। ਇਹ ਮੈਚ 2-2 ਨਾਲ ਡਰਾਅ ਰਿਹਾ ਸੀ। ਡ੍ਰੈਸਿੰਗ ਰੂਮ ਵੱਲ ਜਾਂਦੇ ਸਮੇਂ ਉਸ ਨੇ ਆਪਣੇ ਆਰਮਬੈਂਡ ਨੂੰ ਗੁੱਸੇ ’ਚ ਮੈਦਾਨ ਦੇ ਸਾਹਮਣੇ ਵਗਾਹ ਮਾਰਿਆ। ਮੈਚ ਤੋਂ ਬਾਅਦ ਇਹ ਬੈਂਡ ਚੈਰਿਟੀ ਸਮੂਹ ਹਵਾਲੇ ਕਰ ਦਿੱਤਾ ਗਿਆ। ਇਸ ਹਰਕਤ ਲਈ ਰੋਨਾਲਡੋ ਦੀ ਕਾਫੀ ਆਲੋਚਨਾ ਵੀ ਹੋਈ ਸੀ। -ਪੀਟੀਆਈ