ਨਵੀਂ ਦਿੱਲੀ, 22 ਅਗਸਤ
ਸਾਬਕਾ ਭਾਰਤੀ ਫੁਟਬਾਲਰ ਅਤੇ 1960 ਦੀ ਰੋਮ ਓਲੰਪਿਕ ਵਿੱਚ ਹਿੱਸਾ ਲੈਣ ਵਾਲੇ ਸਈਦ ਸ਼ਾਹਿਦ ਹਕੀਮ ਦਾ ਗੁਲਬਰਗਾ (ਕਰਨਾਟਕ) ਦੇ ਇੱਕ ਹਸਪਤਾਲ ਵਿੱਚ ਅੱਜ ਦੇਹਾਂਤ ਹੋ ਗਿਆ। ਪਰਿਵਾਰਕ ਸੂਤਰਾਂ ਨੇ ਇਹ ਜਾਣਕਾਰੀ ਦਿੱਤੀ। ਹਕੀਮ ਸਾਬ੍ਹ ਨਾਮ ਨਾਲ ਜਾਣੇ ਜਾਂਦੇ ਐੱਸਐੱਸ ਹਕੀਮ 82 ਸਾਲ ਦੇ ਸਨ। ਉਨ੍ਹਾਂ ਨੂੰ ਹਾਲ ਹੀ ਵਿੱਚ ਦੌਰਾ ਪਿਆ ਸੀ। ਹਕੀਮ ਪੰਜ ਦਹਾਕੇ ਤੱਕ ਭਾਰਤੀ ਫੁਟਬਾਲ ਨਾਲ ਜੁੜੇ ਰਹੇ। ਉਹ ਮਗਰੋਂ ਕੋਚ ਬਣੇ ਅਤੇ ਉਨ੍ਹਾਂ ਨੂੰ ਦਰੋਣਾਚਾਰੀਆ ਪੁਰਸਕਾਰ ਨਾਲ ਵੀ ਸਨਮਾਨਿਤ ਕੀਤਾ ਗਿਆ ਸੀ। ਉਹ ਏਸ਼ਿਆਈ ਖੇਡਾਂ 1982 ਮੌਕੇ ਪੀ ਕੇ ਬੈਨਰਜੀ ਨਾਲ ਸਹਾਇਕ ਕੋਚ ਸਨ ਅਤੇ ਮਗਰੋਂ ਕੌਮੀ ਟੀਮ ਦੇ ਕੋਚ ਬਣੇ। ਘਰੇਲੂ ਪੱਧਰ ’ਤੇ ਕੋਚ ਵਜੋਂ ਉਨ੍ਹਾਂ ਦਾ ਸਭ ਤੋਂ ਚੰਗਾ ਪ੍ਰਦਰਸ਼ਨ ਮਹਿੰਦਰਾ ਐਂਡ ਮਹਿੰਦਰਾ (ਹੁਣ ਮਹਿੰਦਰਾ ਯੂਨਾਈਟਿਡ) ਵਲੋਂ ਰਿਹਾ, ਜਦੋਂ ਉਨ੍ਹਾਂ ਦੇ ਰਹਿੰਦਿਆਂ ਟੀਮ ਨੇ 1988 ਵਿੱਚ ਈਸਟ ਬੰਗਾਲ ਦੀ ਮਜ਼ਬੂਤ ਟੀਮ ਨੂੰ ਹਰਾ ਕੇ ਡੂਰੰਡ ਕੱਪ ਜਿੱਤਿਆ ਸੀ। ਉਹ ਫੀਫਾ ਦੇ ਕੌਮਾਂਤਰੀ ਰੈਫਰੀ ਵੀ ਰਹੇ ਅਤੇ ਉਨ੍ਹਾਂ ਨੂੰ ਵੱਕਾਰੀ ਧਿਆਨ ਚੰਦ ਪੁਰਸਕਾਰ ਨਾਲ ਵੀ ਨਿਵਾਜ਼ਿਆ ਗਿਆ ਸੀ। -ਪੀਟੀਆਈ