ਮੁੰਬਈ, 18 ਅਕਤੂਬਰ
ਭਾਰਤ ਦੀ ਵਿਸ਼ਵ ਕੱਪ ਜੇਤੂ ਟੀਮ ਦੇ ਮੈਂਬਰ ਰੋਜਰ ਬਿੰਨੀ (67) ਨੂੰ ਅੱਜ ਭਾਰਤੀ ਕ੍ਰਿਕਟ ਬੋਰਡ (ਬੀਸੀਸੀਆਈ) ਦਾ 36ਵਾਂ ਪ੍ਰਧਾਨ ਚੁਣਿਆ ਗਿਆ ਹੈ। ਉਹ ਸਾਬਕਾ ਭਾਰਤੀ ਕਪਤਾਨ ਸੌਰਵ ਗਾਂਗੁਲੀ ਦੀ ਥਾਂ ਲੈ ਕੇ ਦੁਨੀਆ ਦੇ ਸਭ ਤੋਂ ਅਮੀਰ ਕ੍ਰਿਕਟ ਬੋਰਡ ਦੇ ਮੁਖੀ ਹੋਣਗੇ। ਉਧਰ ਜਨਰਲ ਬਾਡੀ ਨੇ ਪਹਿਲੇ ਮਹਿਲਾ ਆਈਪੀਐਲ ਟੂਰਨਾਮੈਂਟ ਨੂੰ ਵੀ ਮਨਜ਼ੂਰੀ ਦੇ ਦਿੱਤੀ ਹੈ।
ਇੱਥੇ ਬੀਸੀਸੀਆਈ ਦੀ ਸਾਲਾਨਾ ਆਮ ਬੈਠਕ (ਏਜੀਐੱਮ) ਵਿੱਚ ਬਿੰਨੀ ਨੂੰ ਬਿਨਾਂ ਮੁਕਾਬਲਾ ਜੇਤੂ ਚੁਣਿਆ ਗਿਆ। ਇਸੇ ਤਰ੍ਹਾਂ ਜੈ ਸ਼ਾਹ ਨੂੰ ਲਗਾਤਾਰ ਦੂਜੀ ਵਾਰ ਸਕੱਤਰ ਚੁਣਿਆ ਗਿਆ ਹੈ। ਇਨ੍ਹਾਂ ਤੋਂ ਇਲਾਵਾ ਬਿਨਾਂ ਮੁਕਾਬਲਾ ਚੁਣੇ ਗਏ ਹੋਰ ਅਹੁਦੇਦਾਰਾਂ ਵਿੱਚ ਖ਼ਜ਼ਾਨਚੀ ਆਸ਼ੀਸ਼ ਸ਼ੈਲਾਰ, ਮੀਤ ਪ੍ਰਧਾਨ ਰਾਜੀਵ ਸ਼ੁਕਲਾ ਤੇ ਸੰਯੁਕਤ ਸਕੱਤਰ ਦੇਵਜੀਤ ਸੈਕੀਆ ਸ਼ਾਮਲ ਹਨ। ਭਾਰਤ ਲਈ 27 ਟੈਸਟ ਅਤੇ 72 ਇੱਕ ਰੋਜ਼ਾ ਮੈਚ ਖੇਡ ਚੁੱਕੇ ਬਿੰਨੀ ਅਗਲੇ ਸਾਲ ਭਾਰਤ ਵਿੱਚ ਹੋਣ ਵਾਲੇ ਇੱਕ ਰੋਜ਼ਾ ਕੌਮਾਂਤਰੀ ਵਿਸ਼ਵ ਕੱਪ ਤੋਂ ਪਹਿਲਾਂ ਅਹੁਦਾ ਸੰਭਾਲ ਰਹੇ ਹਨ। ਮੀਟਿੰਗ ਦੌਰਾਨ ਕੌਮਾਂਤਰੀ ਕ੍ਰਿਕਟ ਕੌਂਸਲ (ਆਈਸੀਸੀ) ਦੇ ਚੇਅਰਮੈਨ ਦੀ ਚੋਣ ਸਬੰਧੀ ਕੋਈ ਚਰਚਾ ਨਹੀਂ ਹੋਈ। ਅਗਲੇ ਮਹੀਨੇ ਮੈਲਬਰਨ ਵਿੱਚ ਹੋਣ ਵਾਲੀ ਬੋਰਡ ਮੀਟਿੰਗ ਦੌਰਾਨ ਅਗਲੇ ਆਈਸੀਸੀ ਚੇਅਰਮੈਨ ਦੀ ਚੋਣ ਕੀਤੀ ਜਾਵੇਗੀ।
ਏਜੀਐਮ ਵਿੱਚ ਸ਼ਾਮਲ ਹੋਏ ਰਾਜ ਇਕਾਈ ਦੇ ਇੱਕ ਅਧਿਕਾਰੀ ਨੇ ਦੱਸਿਆ, “ਜਿੱਥੋਂ ਤੱਕ ਆਈਸੀਸੀ ਵਿੱਚ ਭਾਰਤ ਦੀ ਨੁਮਾਇੰਦਗੀ ਦਾ ਸਵਾਲ ਹੈ, ਇਸ ਦਾ ਫੈਸਲਾ ਅਧਿਕਾਰੀਆਂ ਵੱਲੋਂ ਕੀਤਾ ਜਾਵੇਗਾ। ਆਈਸੀਸੀ ਚੇਅਰਮੈਨ ਦੇ ਅਹੁਦੇ ਨੂੰ ਲੈ ਕੇ ਕੋਈ ਚਰਚਾ ਨਹੀਂ ਹੋਈ। ਸਿਰਫ ਏਜੰਡੇ ’ਤੇ ਚਰਚਾ ਕੀਤੀ ਗਈ।’’
ਉਧਰ ਬੀਸੀਸੀਆਈ ਦੇ ਸਾਬਕਾ ਖ਼ਜ਼ਾਨਚੀ ਅਰੁਣ ਧੂਮਲ ਅਤੇ ਅਵਿਸ਼ੇਕ ਡਾਲਮੀਆ ਨੂੰ ਆਈਪੀਐੱਲ ਗਵਰਨਿੰਗ ਕੌਂਸਲ ਵਿੱਚ ਸ਼ਾਮਲ ਕੀਤਾ ਗਿਆ ਹੈ। ਧੂਮਲ ਆਈਪੀਐੱਲ ਦੇ ਨਵੇਂ ਚੇਅਰਮੈਨ ਹੋਣਗੇ। ਉਹ ਬ੍ਰਿਜੇਸ਼ ਪਟੇਲ ਦੀ ਥਾਂ ਲੈਣਗੇ। ਜਨਰਲ ਬਾਡੀ ਨੇ ਪਹਿਲੇ ਮਹਿਲਾ ਆਈਪੀਐਲ ਟੂਰਨਾਮੈਂਟ ਨੂੰ ਵੀ ਮਨਜ਼ੂਰੀ ਦੇ ਦਿੱਤੀ ਹੈ। ਮਾਰਚ ਵਿੱਚ ਹੋਣ ਵਾਲੇ ਇਸ ਟੂਰਨਾਮੈਂਟ ਵਿੱਚ ਪੰਜ ਟੀਮਾਂ ਹਿੱਸਾ ਲੈਣਗੀਆਂ। -ਪੀਟੀਆਈ
ਅਗਲੇ ਸਾਲ ਏਸ਼ੀਆ ਕੱਪ ਲਈ ਪਾਕਿਸਤਾਨ ਨਹੀਂ ਜਾਵੇਗੀ ਭਾਰਤੀ ਟੀਮ: ਸ਼ਾਹ
ਮੁੰਬਈ: ਬੀਸੀਸੀਆਈ ਸਕੱਤਰ ਜੈ ਸ਼ਾਹ ਨੇ ਅੱਜ ਸਪੱਸ਼ਟ ਕੀਤਾ ਕਿ ਅਗਲੇ ਸਾਲ ਏਸ਼ੀਆ ਕੱਪ ਲਈ ਭਾਰਤੀ ਟੀਮ ਪਾਕਿਸਤਾਨ ਨਹੀਂ ਜਾਵੇਗੀ ਅਤੇ ਉਹ ਕਿਸੇ ਤੀਜੀ ਥਾਂ ਟੂਰਨਾਮੈਂਟ ਕਰਵਾਉਣ ਲਈ ਜ਼ੋਰ ਪਾਉਣਗੇ। ਏਸ਼ੀਆ ਕੱਪ ਦਾ 2023 ਸੀਜ਼ਨ 50 ਓਵਰਾਂ ਦੇ ਫਾਰਮੈਟ ਵਿੱਚ ਖੇਡਿਆ ਜਾਵੇਗਾ। ਭਾਰਤ ਵਿੱਚ ਹੋਣ ਵਾਲੇ ਵਿਸ਼ਵ ਕੱਪ ਤੋਂ ਪਹਿਲਾਂ ਖੇਡੇ ਜਾਣ ਵਾਲੇ ਇਸ ਟੂਰਨਾਮੈਂਟ ਦੀ ਜ਼ਿੰਮੇਵਾਰੀ ਪਾਕਿਸਤਾਨ ਨੂੰ ਸੌਂਪੀ ਗਈ ਹੈ। ਬੀਸੀਸੀਆਈ ਦੀ ਸਾਲਾਨਾ ਆਮ ਬੈਠਕ (ਏਜੀਐੱਮ) ਤੋਂ ਬਾਅਦ ਸ਼ਾਹ ਨੇ ਕਿਹਾ, ‘‘ਅਸੀਂ ਪਾਕਿਸਤਾਨ ਨਾ ਜਾਣ ਦਾ ਫ਼ੈਸਲਾ ਲਿਆ ਹੈ। ਅਸੀਂ ਕਿਸੇ ਤੀਜੀ ਥਾਂ ’ਤੇ ਖੇਡਾਂਗੇ।’’ ਸ਼ਾਹ ਨੂੰ ਦੂਜੀ ਵਾਰ ਸਕੱਤਰ ਚੁਣਿਆ ਗਿਆ ਹੈ। ਜ਼ਿਕਰਯੋਗ ਹੈ ਕਿ ਮੇਜ਼ਬਾਨ ਸ਼੍ਰੀਲੰਕਾ ਨੇ ਆਰਥਿਕ ਸੰਕਟ ਕਾਰਨ ਏਸ਼ੀਆ ਕੱਪ 2022 ਦੀ ਮੇਜ਼ਬਾਨੀ ਕਰਨ ਤੋਂ ਅਸਮਰੱਥਾ ਜ਼ਾਹਰ ਕੀਤੀ ਸੀ, ਜਿਸ ਤੋਂ ਬਾਅਦ ਇਹ ਟੂਰਨਾਮੈਂਟ ਯੂਏਈ ਵਿੱਚ ਕਰਵਾਇਆ ਗਿਆ ਸੀ। ਦੋਵਾਂ ਦੇਸ਼ਾਂ ਵਿਚਾਲੇ ਸਿਆਸੀ ਤਣਾਅ ਕਾਰਨ ਦੋਵੇਂ ਟੀਮਾਂ ਸਿਰਫ਼ ਏਸ਼ੀਆ ਕੱਪ ਅਤੇ ਵਿਸ਼ਵ ਕੱਪ ਮੁਕਾਬਲਿਆਂ ਵਿੱਚ ਹੀ ਇੱਕ ਦੂਜੇ ਨਾਲ ਖੇਡਦੀਆਂ ਹਨ। -ਪੀਟੀਆਈ