ਨਵੀਂ ਦਿੱਲੀ, 2 ਨਵੰਬਰ
ਵਿਸ਼ਵ ਚੈਂਪੀਅਨ ਬੈਡਮਿੰਟਨ ਖਿਡਾਰਨ ਪੀਵੀ ਸਿੰਧੂ ਨੇ ਅੱਜ ਸੋਸ਼ਲ ਮੀਡੀਆ ’ਤੇ ‘ਮੈਂ ਸੰਨਿਆਸ ਲੈ ਰਹੀ ਹਾਂ’ ਲਿਖ ਕੇ ਸਭ ਨੂੰ ਹੈਰਾਨੀ ਵਿਚ ਪਾ ਦਿੱਤਾ, ਪਰ ਉਨ੍ਹਾਂ ਲੰਮੇ ਬਿਆਨ ਵਿਚ ਸਪੱਸ਼ਟ ਕੀਤਾ ਕਿ ਉਹ ਅਸਲ ਵਿਚ ਕੋਵਿਡ-19 ਮਹਾਮਾਰੀ ਕਾਰਨ ਫੈਲੀ ‘ਨਕਾਰਾਤਮਕ ਸੋਚ, ਡਰ ਤੇ ਅਨਿਸ਼ਚਿਤ ਮਾਹੌਲ’ ਤੋਂ ਸੰਨਿਆਸ ਲੈ ਰਹੀ ਹੈ। ਓਲੰਪਿਕ ਵਿਚ ਚਾਂਦੀ ਦਾ ਤਗ਼ਮਾ ਜਿੱਤਣ ਵਾਲੀ ਖਿਡਾਰਨ ਫ਼ਿਲਹਾਲ ਲੰਡਨ ਸਥਿਤ ਗੇਟੋਰੇਡ ਸਪੋਰਟਸ ਇੰਸਟੀਚਿਊਟ ਵਿਚ ਆਪਣੇ ਪੋਸ਼ਣ ਤੇ ਫਿਟਨੈੱਸ ਦੀਆਂ ਜ਼ਰੂਰਤਾਂ ਉਤੇ ਕੰਮ ਕਰ ਰਹੀ ਹੈ। ਪੋਸਟ ਦੀ ਸ਼ੁਰੂਆਤ ਵਿਚ ਸਿੰਧੂ ਨੇ ਲਿਖਿਆ ‘ਡੈਨਮਾਰਕ ਓਪਨ ਆਖ਼ਰੀ ਕੜੀ ਸੀ। ਮੈਂ ਸੰਨਿਆਸ ਲੈ ਰਹੀ ਹਾਂ। ਮੈਂ ਅੱਜ ਤੁਹਾਨੂੰ ਲਿਖ ਰਹੀ ਹਾਂ ਕਿ ਮੇਰਾ ਸਫ਼ਰ ਅਜੇ ਪੂਰਾ ਨਹੀਂ ਹੋਇਆ ਹੈ। ਡੈਨਮਾਰਕ ਓਪਨ ਵਿਚ ਭਾਰਤ ਦੀ ਨੁਮਾਇੰਦਗੀ ਕਰਨਾ ਇਸ ਮਾਮਲੇ ਵਿਚ ਆਖ਼ਰੀ ਕੜੀ ਰਿਹਾ।’ ਸਿੰਧੂ ਨੇ ਕਿਹਾ ‘ਉਹ ਅੱਜ ਦੇ ਦੌਰ ਦੀ ਅਸ਼ਾਂਤੀ ਤੋਂ ਸੰਨਿਆਸ ਲੈ ਰਹੀ ਹੈ, ਉਸ ਅਣਪਛਾਤੀ ਚੀਜ਼ ਤੋਂ ਸੰਨਿਆਸ ਲੈ ਰਹੀ ਹੈ ਜਿਸ ਉਤੇ ਉਸ ਦਾ ਕੋਈ ਕਾਬੂ ਨਹੀਂ ਹੈ।’ ਉਸ ਨੇ ਕਿਹਾ ‘ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਮੈਂ ਸਫ਼ਾਈ ਦੇ ਮਿਆਰਾਂ ਦੇ ਖ਼ਰਾਬ ਪੱਧਰ ਤੇ ਵਾਇਰਸ ਪ੍ਰਤੀ ਸਾਡੇ ਲਾਪਰਵਾਹੀ ਭਰੇ ਰਵੱਈਏ ਤੋਂ ਸੰਨਿਆਸ ਲੈਣਾ ਚਾਹੁੰਦੀ ਹਾਂ।’ ਇਸ 25 ਸਾਲਾ ਖਿਡਾਰਨ ਦੀ ਪੋਸਟ ਨੇ ਖੇਡ ਮੰਤਰੀ ਕਿਰਨ ਰਿਜਿਜੂ ਨੂੰ ਵੀ ਹੈਰਾਨ ਕਰ ਦਿੱਤਾ। ਰਿਜਿਜੂ ਨੇ ਸਿੰਧੂ ਨੂੰ ਟੈਗ ਕਰਦਿਆਂ ਲਿਖਿਆ ‘ਸਿੰਧੂ ਤੁਸੀਂ ਅਸਲ ਵਿਚ ਮੈਨੂੰ ਛੋਟਾ ਜਿਹਾ ਝਟਕਾ ਦੇ ਦਿੱਤਾ ਸੀ। ਮੈਨੂੰ ਇਸ ਗੱਲ ਦਾ ਪੂਰਾ ਭਰੋਸਾ ਹੈ ਕਿ ਤੁਹਾਡੇ ਕੋਲ ਦੇਸ਼ ਲਈ ਕਈ ਖ਼ਿਤਾਬ ਜਿੱਤਣ ਦੀ ਤਾਕਤ ਤੇ ਇੱਛਾ ਸ਼ਕਤੀ ਹੈ।’ ਮਾਰਚ ਵਿਚ ਆਲ ਇੰਗਲੈਂਡ ਦੇ ਰੂਪ ਵਿਚ ਆਪਣਾ ਪਿਛਲਾ ਟੂਰਨਾਮੈਂਟ ਖੇਡਣ ਵਾਲੀ ਇਹ ਸਟਾਰ ਖਿਡਾਰਨ ਜਨਵਰੀ ਵਿਚ ਵਿਸ਼ਵ ਟੂਰ ਦੇ ਏਸ਼ਿਆਈ ਗੇੜ ਵਿਚ ਵਾਪਸੀ ਦੀ ਯੋਜਨਾ ਬਣਾ ਰਹੀ ਹੈ। ਸਿੰਧੂ ਨੇ ਕਿਹਾ ਕਿ ਮਹਾਮਾਰੀ ਉਸ ਲਈ ਅੱਖਾਂ ਖੋਲ੍ਹਣ ਵਾਲੀ ਰਹੀ ਹੈ ਤੇ ਉਹ ਵਿਰੋਧੀ ਖਿਡਾਰੀਆਂ ਲਈ ਚੁਣੌਤੀ ਪੇਸ਼ ਕਰਨ ਲਈ ਤਿਆਰ ਹੈ। -ਪੀਟੀਆਈ