ਦੁਬਈ: ਭਾਰਤ ਦੇ ਕਪਤਾਨ ਵਿਰਾਟ ਕੋਹਲੀ ਆਈਸੀਸੀ ਟੈਸਟ ਬੱਲੇਬਾਜ਼ ਰੈਂਕਿੰਗ ਵਿਚ ਤੀਜੇ ਸਥਾਨ ‘ਤੇ ਖਿਸਕ ਗਏ ਹਨ ਜਦੋਂਕਿ ਆਸਟਰੇਲੀਆ ਦਾ ਸਟੀਵ ਸਮਿਥ ਦੂਜੇ ਸਥਾਨ ’ਤੇ ਆ ਗਏ ਹਨ। ਇਸ ਦੇ ਨਾਲ ਹੀ, ਬੱਲੇਬਾਜ਼ ਚੇਤੇਸ਼ਵਰ ਪੁਜਾਰਾ ਅੱਠਵੇਂ ਸਥਾਨ ‘ਤੇ ਪਹੁੰਚ ਗਿਆ ਹੈ। ਤਾਜ਼ਾ ਰੈਂਕਿੰਗ ਵਿਚ ਕੋਹਲੀ ਦੇ 870 ਅੰਕ ਹਨ। ਉਹ ਆਸਟਰੇਲੀਆ ਖ਼ਿਲਾਫ਼ ਪਹਿਲੇ ਟੈਸਟ ਤੋਂ ਬਾਅਦ ਘਰ ਪਰਤ ਗਏ ਸਨ ਕਿਉਂਕਿ ਉਸ ਦੀ ਪਤਨੀ ਅਨੁਸ਼ਕਾ ਨੇ ਸੋਮਵਾਰ ਨੂੰ ਇਕ ਬੇਟੀ ਨੂੰ ਜਨਮ ਦਿੱਤਾ ਹੈ। ਸਮਿਥ 900 ਅੰਕਾਂ ਨਾਲ ਦੂਜੇ ਸਥਾਨ ’ਤੇ ਹੈ ਜਦਕਿ ਨਿਊਜ਼ੀਲੈਂਡ ਦੇ ਕਪਤਾਨ ਕੇਨ ਵਿਲੀਅਮਸਨ 919 ਅੰਕਾਂ ਨਾਲ ਚੋਟੀ ‘ਤੇ ਹਨ। ਸਮਿਥ ਨੇ ਸਿਡਨੀ ਟੈਸਟ ਵਿਚ 131 ਅਤੇ 81 ਦੌੜਾਂ ਬਣਾਈਆਂ ਸਨ। ਵਿਲੀਅਮਸਨ ਨੇ ਪਾਕਿਸਤਾਨ ਖ਼ਿਲਾਫ਼ ਕ੍ਰਾਈਸਟਚਰਚ ਟੈਸਟ ਵਿਚ 238 ਦੌੜਾਂ ਬਣਾਈਆਂ ਸਨ। ਉਹ ਆਈਸੀਸੀ ਰੈਂਕਿੰਗ ਵਿੱਚ ਸਰਵਉੱਚ ਰੇਟਿੰਗ ਅੰਕ ਲੈ ਕੇ ਪਹਿਲਾ ਨਿਊਜ਼ੀਲੈਂਡ ਕ੍ਰਿਕਟਰ ਵੀ ਬਣ ਗਿਆ ਹੈ। ਤੀਜੇ ਟੈਸਟ ਮੈਚ ਵਿਚ ਦੋ ਅਰਧ ਸੈਂਕੜੇ ਲਗਾ ਕੇ ਭਾਰਤ ਨੂੰ ਬਰਾਬਰੀ ‘ਤੇ ਪਹੁੰਚਾਉਣ ਵਾਲਾ ਪੁਜਾਰਾ ਅੱਠਵੇਂ ਸਥਾਨ ‘ਤੇ ਹੈ, ਜਦੋਂਕਿ ਕਾਰਜਕਾਰੀ ਕਪਤਾਨ ਅਜਿੰਕਿਆ ਰਹਾਣੇ ਇਕ ਸਥਾਨ ਹੇਠਾਂ ਖਿਸਕ ਕੇ ਸੱਤਵੇਂ ਸਥਾਨ ’ਤੇ ਹੈ। ਗੇਂਦਬਾਜ਼ਾਂ ਵਿੱਚ ਆਫ ਸਪਿੰਨਰ ਅਸ਼ਵਿਨ ਦੋ ਸਥਾਨ ਹੇਠਾਂ 9ਵੇਂ ਸਥਾਨ ਉੱਤੇ ਅਤੇ ਜਸਪ੍ਰੀਤ ਬੁਮਰਾਹ ਇੱਕ ਸਥਾਨ ਹੇਠਾਂ ਦਸਵੇਂ ਸਥਾਨ ਉੱਤੇ ਹਨ। -ਪੀਟੀਆਈ