ਸਤਨਾਮ ਸਿੰਘ
ਸ਼ਾਹਬਾਦ ਮਾਰਕੰਡਾ, 6 ਅਕਤੂਬਰ
ਜਜਪਾ ਦੇ ਸੀਨੀਅਰ ਨੇਤਾ ਦਿਗਵਿਜੈ ਸਿੰਘ ਚੌਟਾਲਾ ਨੇ ਕਿਹਾ ਹੈ ਕਿ ਹਰਿਆਣਾ ਦੇ ਗੱਬਰੂਆਂ ਨੇ ਵਿਸ਼ਵ ਭਰ ਵਿਚ ਭਾਰਤ ਦਾ ਨਾਂ ਰੌਸ਼ਨ ਕਰਨ ਦਾ ਕੰਮ ਕੀਤਾ ਹੈ। ਸੂਬੇ ਦੇ ਖਿਡਾਰੀ ਹਰ ਖੇਡ ਵਿਚ ਵਧੀਆ ਪ੍ਰਦਰਸ਼ਨ ਕਰ ਰਹੇ ਹਨ। ਚੌਟਾਲਾ ਨੇ ਪਿੰਡ ਲੁਖੀ ਵਿੱਚ ਸ੍ਰੀ ਬਦਰ ਨਾਥ ਸੇਵਾ ਸੀਮਿਤੀ ਵੱਲੋਂ ਕਰਵਾਏ ਕੁਸ਼ਤੀ ਦੰਗਲ ਵਿੱਚ ਬਤੌਰ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਤੋਂ ਪਹਿਲਾਂ ਉਨ੍ਹਾਂ ਦਾ ਇੱਥੇ ਪੁਜਣ ’ਤੇ ਸੀਮਿਤੀ ਤੇ ਪਿੰਡ ਵਾਸੀਆਂ ਵਲੋਂ ਸਵਾਗਤ ਕੀਤਾ ਗਿਆ।
ਸ੍ਰੀ ਚੌਟਾਲਾ ਨੇ ਕਿਹਾ ਕਿ ਖਿਡਾਰੀ ਦੇਸ਼ ਦੀ ਸ਼ਾਨ ਹੁੰਦੇ ਹਨ ਤੇ ਉਹ ਹੀ ਦੇਸ਼ ਦਾ ਕੌਮੀ ਝੰਡਾ ਦੂਜੇ ਦੇਸ਼ ਵਿਚ ਲਹਿਰਾ ਸਕਦੇ ਹਨ। ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿ ਕੇ ਖੇਡਾਂ ਵਿੱਚ ਜ਼ੋਰ ਅਮਾਇਸ਼ ਕਰਨੀ ਚਾਹੀਦੀ ਹੈ। ਖੇਡ ਵਿੱਚ ਸਫਲ ਹੋਇਆ ਨੌਜਵਾਨ ਜਿੱਥੇ ਦੇਸ਼ ਦੀ ਝੋਲੀ ਵਿੱਚ ਮੈਡਲ ਜਿੱਤ ਕੇ ਪਾਏਗਾ, ਉਥੇ ਉਹ ਨਾਲ ਹੀ ਸਿਹਤਮੰਦ ਸਮਾਜ ਲਈ ਯੋਗਦਾਨ ਪਾਏਗਾ। ਉਨ੍ਹਾਂ ਪੜ੍ਹਾਈ ਦੇ ਨਾਲ-ਨਾਲ ਖੇਡਾਂ ਵਿੱਚ ਵੀ ਅੱਗੇ ਵਧਣ ਦੀ ਲੋੜ ’ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਸਰਕਾਰ ਖੇਡਾਂ ਤੇ ਖਿਡਾਰੀਆਂ ਦੇ ਬਾਰੇ ਵਿਸ਼ੇਸ ਰੂਪ ਵਿੱਚ ਸੋਚ ਰਹੀ ਹੈ। ਉਨ੍ਹਾਂ ਨੇ ਪਿੰਡ ਲੁਖੀ ਵਿੱਚ ਈ-ਲਇਬ੍ਰੇਰੀ ਖੋਲ੍ਹਣ ਦਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਉਪ ਮੁਖ ਮੰਤਰੀ ਦੁਸ਼ਿਅੰਤ ਚੌਟਾਲਾ ਯੁਵਾ ਸੋਚ ਨਾਲ ਅੱਗੇ ਵਧ ਰਹੇ ਹਨ , ਸਾਰੇ ਸੂਬੇ ਵਿੱਚ ਈ-ਲਾਇਬ੍ਰੇਰੀਆਂ ਖੋਲ੍ਹੀਆਂ ਜਾ ਰਹੀਆਂ ਹਨ ਤਾਂ ਜੋ ਨੌਜਵਾਨ ਵਰਗ ਸਹੀ ਪੜ੍ਹਾਈ ਕਰ ਸਕੇ। ਮੀਡੀਆ ਨਾਲ ਗਲਬਾਤ ਕਰਦੇ ਹੋਏ ਆਦਮਪੁਰ ਚੋਣ ਬਾਰੇ ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਗੱਠਜੋੜ ਭਾਜਪਾ ਨਾਲ ਹੈ ਤੇ ਉਹ ਗੱਠਜੋੜ ਧਰਮ ਦਾ ਹਰ ਤਰ੍ਹਾਂ ਪਾਲਣ ਕਰਨਗੇ।
ਸਥਾਨਕ ਵਿਧਾਇਕ ਰਾਮ ਕਰਨ ਕਾਲਾ ਨੇ ਕਿਹਾ ਕਿ ਖੇਤਰ ਵਿਚ ਵਿਕਾਸ ਦੀ ਗੰਗਾ ਵਹਿ ਰਹੀ ਹੈ ਤੇ ਵਿਕਾਸ ਕਾਰਜਾਂ ਲਈ ਪੈਸੇ ਦੀ ਕਮੀ ਨਹੀਂ ਆਏਗੀ ਅੱਜ ਹੋਏ ਕੁਸ਼ਤੀ ਦੰਗਲ ਵਿੱਚ ਕੈਥਲ ਦੇ ਰਜਤ ਨੇ ਬਲਵਿੰਦਰ ਸਿੰਘ ਚੰਡੀਗੜ੍ਹ ਨੂੰ ਹਰਾ ਕੇ 71 ਹਜ਼ਾਰ ਰੁਪਏ ਦਾ ਇਨਾਮ ਜਿੱਤਿਆ। ਦੂਜੇ ਨੰਬਰ ’ਤੇ ਬਲਵਿੰਦਰ ਸਿੰਘ ਨੂੰ ਵੀ 51 ਹਜ਼ਾਰ ਰੁਪਏ ਦਾ ਇਨਾਮ ਦਿੱਤਾ ਗਿਆ। ਤੀਜੇ ਨੰਬਰ ’ਤੇ ਨਰੇਸ਼ ਕੁਮਾਰ ਪਹਿਲਵਾਨ ਨੂੰ 41 ਹਜ਼ਾਰ ਰੁਪਏ ਤੇ ਮੌਨੂੰ ਭਾਖਲਾ ਨੂੰ ਚੌਥਾ ਸਥਾਨ ਮਿਲਣ ਤੇ 21 ਹਜ਼ਾਰ ਰੁਪਏ ਇਨਾਮ ਦਿੱਤਾ ਗਿਆ। ਦੰਗਲ ਵਿਚ ਸਾਰੇ ਜੇਤੂਆਂ ਨੂੰ ਮੁਖ ਮਹਿਮਾਨ ਨੇ ਇਨਾਮ ਵੰਡੇ।
ਇਸ ਮੌਕੇ ਜਜਪਾ ਪਾਰਟੀ ਪ੍ਰਧਾਨ ਨਿਸ਼ਾਨ ਸਿੰਘ, ਡਾ ਜਸਵਿੰਦਰ ਸਿੰਘ ਖਹਿਰਾ, ਜਜਪਾ ਜਿਲਾ ਪ੍ਰਧਾਨ ਕੁਲਦੀਪ ਜਖਵਾਲਾ, ਸੁਸ਼ੀਲ ਰਾਣਾ, ਜਗਬੀਰ ਮੋਹੜੀ, ਸਤਪਾਲ ਕੁਰੜੀ ,ਗੁਰਲਾਲ ਵੜੈਚ, ਇਸ਼ਵਰ ਸਿੰਘ, ਬਬਲੂ ਕਾਜਲ, ਨਰੇਂਦਰ ਘਰਾੜਸੀ ,ਜੋਗ ਧਿਆਨ , ਅਨਿਲ ਰਾਣਾ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿਚ ਪਾਰਟੀ ਕਾਰਕੁੰਨ ਤੇ ਪੇਡੂੰ ਮੌਜੂਦ ਸਨ।