ਸਿਡਨੀ: ਆਸਟਰੇਲੀਆ ਦੀ ਕ੍ਰਿਕਟ ਟੀਮ ਨੇ ਇੰਗਲੈਂਡ ਖ਼ਿਲਾਫ਼ ਮੀਂਹ ਤੋਂ ਪ੍ਰਭਾਵਿਤ ਚੌਥੇ ਐਸ਼ੇਜ਼ ਟੈਸਟ ਦੇ ਪਹਿਲੇ ਦਿਨ ਅੱਜ ਤਿੰਨ ਵਿਕਟਾਂ ਗੁਆ ਕੇ 126 ਦੌੜਾਂ ਬਣਾਈਆਂ। ਮੀਂਹ ਕਾਰਨ ਪਹਿਲੇ ਦੋ ਸੈਸ਼ਨਾਂ ’ਚ ਸਿਰਫ਼ 21 ਓਵਰ ਹੀ ਹੋ ਸਕੇ, ਜਦਕਿ ਆਖ਼ਰੀ ਸੈਸ਼ਨ ਵਿੱਚ ਦੌੜਾਂ ਤੇਜ਼ੀ ਨਾਲ ਬਣੀਆਂ ਅਤੇ ਦੋ ਵਿਕਟਾਂ ਵੀ ਡਿੱਗੀਆਂ। ਪਹਿਲੇ ਦਿਨ ਦੀ ਖੇਡ ਖ਼ਤਮ ਹੋਣ ’ਤੇ ਸਟੀਵ ਸਮਿੱਥ ਛੇ ਅਤੇ ਓਸਮਾਨ ਖਵਾਜਾ ਚਾਰ ਦੌੜਾਂ ਬਣਾ ਕੇ ਖੇਡ ਰਹੇ ਸਨ। ਮੀਂਹ ਕਾਰਨ ਖੇਡ ਅੱਧੇ ਘੰਟੇ ਬਾਅਦ ਸ਼ੁਰੂ ਹੋਈ। ਆਸਟਰੇਲੀਆ ਦੇ ਕਪਤਾਨ ਪੈਟ ਕਮਿਨਸ ਨੇ ਟਾਸ ਜਿੱਤ ਕੇ ਬੱਲੇਬਾਜ਼ੀ ਦਾ ਫ਼ੈਸਲਾ ਕੀਤਾ। ਮੀਂਹ ਕਾਰਨ ਪਹਿਲੇ ਸੈਸ਼ਨ ਵਿੱਚ 12.3 ਓਵਰ ਹੀ ਹੋਏ। ਹੈਰਿਸ ਤੇ ਡੇਵਿਡ ਵਾਰਨਰ ਨੇ ਪਹਿਲੀ ਵਿਕਟ ਲਈ 50 ਦੌੜਾਂ ਜੋੜੀਆਂ। ਵਾਰਨਰ ਨੇ 30 ਅਤੇ ਹੈਰਿਸ ਨੇ 38 ਦੌੜਾਂ ਬਣਾਈਆਂ। ਆਸਟਰੇਲੀਆ ਇਸ ਲੜੀ ਵਿੱਚ ਪਹਿਲਾਂ ਹੀ 3-0 ਦੀ ਲੀਡ ਬਣਾ ਚੁੱਕਿਆ ਹੈ। -ਏਪੀ