ਮੈਲਬਰਨ: ਕ੍ਰਿਕਟ ਆਸਟ੍ਰੇਲੀਆ ਨੇ ਅੱਜ ਪੁਸ਼ਟੀ ਕੀਤੀ ਹੈ ਕਿ ਸਿਡਨੀ ਟੈਸਟ ਦੌਰਾਨ ਭਾਰਤੀ ਤੇਜ਼ ਗੇਂਦਬਾਜ਼ ਮੁਹੰਮਦ ਸਿਰਾਜ ਖ਼ਿਲਾਫ਼ ਨਸਲੀ ਟਿੱਪਣੀ ਕੀਤੀ ਗਈ ਸੀ ਪਰ ਉਨ੍ਹਾਂ ਛੇ ਦਰਸ਼ਕਾਂ ਨੂੰ ਕਲੀਨ ਚਿੱਟ ਦੇ ਦਿੱਤੀ ਗਈ ਹੈ, ਜਿਨ੍ਹਾਂ ਨੂੰ ਇਸ ਘਟਨਾ ਮਗਰੋਂ ਮੈਦਾਨ ਵਿੱਚੋਂ ਬਾਹਰ ਕੱਢਿਆ ਗਿਆ ਸੀ। ਕ੍ਰਿਕਟ ਆਸਟ੍ਰੇਲੀਆ ਨੇ ਆਈਸੀਸੀ ਨੂੰ ਇਸ ਘਟਨਾ ਸਬੰਧੀ ਆਪਣੀ ਰਿਪੋਰਟ ਦਿੱਤੀ ਹੈ। ਸੀਏ ਦੇ ਅਖੰਡਤਾ ਤੇ ਸੁਰੱਖਿਆ ਪ੍ਰਮੁੱਖ ਸੀਨ ਕਾਰੋਲ ਨੇ ਕਿਹਾ, ‘ਕ੍ਰਿਕਟ ਆਸਟਰੇਲੀਆ ਇਸ ਗੱਲ ਦੀ ਪੁਸ਼ਟੀ ਕਰਦਾ ਹੈ ਕਿ ਭਾਰਤੀ ਕ੍ਰਿਕਟ ਟੀਮ ਦੇ ਮੈਂਬਰਾਂ ਖ਼ਿਲਾਫ਼ ਨਸਲੀ ਟਿੱਪਣੀਆਂ ਕੀਤੀਆਂ ਗਈਆਂ ਸਨ। ਇਸ ਮਾਮਲੇ ਦੀ ਜਾਂਚ ਜਾਰੀ ਹੈ, ਜਿਸ ਤਹਿਤ ਸੀਸੀਟੀਵੀ ਫੁਟੇਜ ਦੇਖੇ ਜਾ ਰਹੇ ਹਨ ਤੇ ਦਰਸ਼ਕਾਂ ਤੋਂ ਪੁੱਛ ਪੜਤਾਲ ਜਾਰੀ ਹੈ।’ ਕ੍ਰਿਕਟ ਆਸਟ੍ਰੇਲੀਆ ਨੇ ਘਟਨਾ ਲਈ ਭਾਰਤੀ ਟੀਮ ਤੋਂ ਮੁੜ ਮੁਆਫ਼ੀ ਮੰਗੀ ਹੈ। -ਪੀਟੀਆਈ