ਨਿੱਜੀ ਪੱਤਰ ਪ੍ਰੇਰਕ
ਜਲੰਧਰ, 10 ਜੁਲਾਈ
ਹਾਕੀ ਪੰਜਾਬ ਦੇ ਜਨਰਲ ਸਕੱਤਰ ਓਲੰਪੀਅਨ ਪਰਗਟ ਸਿੰਘ ਅਤੇ ਹਾਕੀ ਪੰਜਾਬ ਦੀ ਮਹਿਲਾ ਵਿੰਗ ਦੀ ਮੁਖੀ ਪ੍ਰਿੰਸੀਪਲ ਡਾਕਟਰ ਅਜੇ ਸਰੀਨ ਨੇ ਸਾਂਝੇ ਬਿਆਨ ਵਿੱਚ ਕਿਹਾ ਕਿ ਹਾਕੀ ਪੰਜਾਬ ਵਲੋਂ ਜਿਥੇ ਮਰਦਾਂ ਦੀ ਹਾਕੀ ਵਿੱਚ ਬੇਹਤਰੀਨ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਉਥੇ ਨਾਲ ਹੀ ਮਹਿਲਾ ਹਾਕੀ ਵਿੱਚ ਵੱਡਾ ਯੋਗਦਾਨ ਪਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ 1980 ਮਾਸਕੋ ਓਲੰਪਿਕ ਤੋਂ ਬਾਅਦ ਪਹਿਲੀ ਵਾਰ ਪੰਜਾਬ ਦੀ ਖਿਡਾਰਨ ਗੁਰਜੀਤ ਕੌਰ, ਓਲੰਪਿਕ ਵਿੱਚ ਭਾਗ ਲੈਣ ਵਾਲੀ ਭਾਰਤੀ ਮਹਿਲਾ ਹਾਕੀ ਟੀਮ ਦੀ ਮੈਂਬਰ ਬਣੀ ਹੈ, ਜੋ ਕਿ ਹਰ ਪੰਜਾਬੀ ਲਈ ਮਾਣ ਵਾਲੀ ਗੱਲ ਹੈ। ਇਸ ਦੇ ਨਾਲ ਹੀ ਰਾਜਵਿੰਦਰ ਕੌਰ ਵੀ ਬੈਂਗਲੁਰੂ ਵਿੱਚ ਭਾਰਤੀ ਸੀਨੀਅਰ ਮਹਿਲਾ ਹਾਕੀ ਕੈਂਪ ਵਿੱਚ ਭਾਗ ਲੈ ਰਹੀ ਹੈ। ਇਨ੍ਹਾਂ ਤੋਂ ਇਲਾਵਾ ਹਾਕੀ ਪੰਜਾਬ ਦੀਆਂ 6 ਹੋਰ ਖਿਡਾਰਨਾਂ ਭਾਰਤੀ ਜੂਨੀਅਰ ਮਹਿਲਾ ਹਾਕੀ ਕੈਂਪ ਵਿੱਚ ਭਾਗ ਲੈ ਰਹੀਆਂ ਹਨ, ਜਿਨ੍ਹਾਂ ਵਿੱਚ ਬਲਜੀਤ ਕੌਰ, ਰਸ਼ਨਪ੍ਰੀਤ ਕੌਰ ਸ਼ਾਮਲ ਹੈ। ਇਨ੍ਹਾਂ ਤੋਂ ਇਲਾਵਾ ਚਾਰ ਹੋਰ ਖਿਡਾਰਨਾਂ ਜੋਯਤਿਕਾ ਕਲਸੀ, ਗੁਰਮੇਲ ਕੌਰ, ਕਿਰਨਦੀਪ ਕੌਰ ਅਤੇ ਪਰਨੀਤ ਕੌਰ ਵੀ ਬੈਂਗਲੁਰੂ ਵਿੱਚ ਜੂਨੀਅਰ ਭਾਰਤੀ ਮਹਿਲਾ ਹਾਕੀ ਕੈਂਪ ਵਿੱਚ ਸਿਖਲਾਈ ਪ੍ਰਾਪਤ ਕਰ ਰਹੀਆਂ ਹਨ।