ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 15 ਜਨਵਰੀ
ਖੇਡਾਂ, ਯੁਵਕ ਸੇਵਾਵਾਂ ਅਤੇ ਪਰਵਾਸੀ ਭਾਰਤੀ ਮਾਮਲਿਆਂ ਬਾਰੇ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਅੱਜ ਕਿਹਾ ਕਿ ਟੋਕੀਓ ਓਲੰਪਿਕਸ-2021 ਲਈ ਪੰਜਾਬ ਪੂਰੀ ਤਰ੍ਹਾਂ ਤਿਆਰ ਹੈ। ਸੂਬੇ ਲਈ ਵੱਧ ਤੋਂ ਵੱਧ ਓਲੰਪਿਕ ਕੋਟਾ ਹਾਸਲ ਲਈ ਪੰਜਾਬ ਇੰਸਟੀਚਿਊਟ ਆਫ ਸਪੋਰਟਸ (ਪੀਆਈਐੱਸ) ਅਤੇ ਹੋਰ ਸਬੰਧਿਤ ਸੰਸਥਾਵਾਂ ਜੁਟੀਆਂ ਹੋਈਆਂ ਹਨ। ਰਾਣਾ ਸੋਢੀ ਨੇ ਇੱਥੇ ਪੰਜਾਬ ਮਿਊਂਸਿਪਲ ਭਵਨ ਵਿਚ ਸਾਲ 2017-18 ਦੌਰਾਨ ਸੂਬੇ ਲਈ ਨਾਮਣਾ ਖੱਟਣ ਵਾਲੇ 90 ਖਿਡਾਰੀਆਂ ਨੂੰ ਕਰੀਬ 1.66 ਕਰੋੜ ਰੁਪਏ ਦੀ ਰਕਮ ਦੀ ਵੰਡ ਕੀਤੀ।
ਇਸ ਸਮਾਰੋਹ ’ਚ ਰਾਣਾ ਸੋਢੀ ਨੇ ਕਿਹਾ ਕਿ ਆਗਾਮੀ ਦਿਨਾਂ ਵਿੱਚ ਅਜਿਹੇ 1135 ਖਿਡਾਰੀਆਂ ਨੂੰ ਨਗਦ ਇਨਾਮਾਂ ਦੀ ਵੰਡ ਕੀਤੀ ਜਾਵੇਗੀ। ਖੇਡ ਮੰਤਰੀ ਨੇ ਕਿਹਾ ਕਿ ਅੱਜ ਸਾਲ 2017-18 ਦੌਰਾਨ ਕੌਮਾਂਤਰੀ, ਕੌਮੀ ਤੇ ਸੂਬਾ ਪੱਧਰ ਉੱਤੇ ਨਾਮਣਾ ਖੱਟਣ ਵਾਲੇ ਖਿਡਾਰੀਆਂ ਦਾ ਸਨਮਾਨ ਕੀਤਾ ਗਿਆ। ਓਲੰਪਿਕ ਲਈ ਕੁਆਲੀਫਾਈ ਕਰਨ ਵਾਲੀ ਪਹਿਲੀ ਪੰਜਾਬਣ ਮੁੱਕੇਬਾਜ਼ ਸਿਮਰਨਜੀਤ ਕੌਰ ਨੂੰ ਪੰਜਾਬ ਸਰਕਾਰ ਵੱਲੋਂ 5 ਲੱਖ ਰੁਪਏ ਦਾ ਚੈੱਕ ਭੇਟ ਕੀਤਾ। ਰਾਣਾ ਸੋਢੀ ਨੇ ਜਾਣਕਾਰੀ ਦਿੱਤੀ ਕਿ ਓਲੰਪਿਕ ਵਿੱਚ ਸੋਨੇ, ਚਾਂਦੀ ਤੇ ਕਾਂਸੀ ਦਾ ਤਮਗਾ ਜੇਤੂ ਨੂੰ ਨੌਕਰੀਆਂ ਸਣੇ ਕ੍ਰਮਵਾਰ 2.25 ਕਰੋੜ, 1.5 ਕਰੋੜ ਅਤੇ 1 ਕਰੋੜ ਰੁਪਏ ਦੀ ਰਕਮ ਦਿੱਤੀ ਜਾਵੇਗੀ। ਇਸ ਮੌਕੇ ਪ੍ਰਮੁੱਖ ਸਕੱਤਰ ਖੇਡਾਂ ਅਨੁਰਾਗ ਵਰਮਾ ਤੇ ਡਾਇਰੈਕਟਰ ਡੀ.ਪੀ.ਐਸ. ਖਰਬੰਦਾ ਨੇ ਖਿਡਾਰੀਆਂ ਨੂੰ ਸ਼ੁਭ ਕਾਮਨਾਵਾਂ ਦਿੱਤੀਆਂ।
ਵਿਸ਼ੇਸ਼ ਓਲੰਪੀਅਨ ਦੇ ਪਰਿਵਾਰ ਨੂੰ ਮਿਲੇਗੀ ਪੰਜ ਲੱਖ ਦੀ ਸਹਾਇਤਾ
ਲਾਸ ਏਂਜਲਸ ਵਿਚ ਸਾਲ 2015 ਦੇ ਵਿਸ਼ੇਸ਼ ਓਲੰਪਿਕਸ ਵਿਚ ਸਾਈਕਲਿੰਗ ਵਿੱਚ ਦੋ ਸੋਨ ਤਮਗੇ ਜਿੱਤ ਚੁੱਕੇ ਜ਼ਿਲ੍ਹਾ ਲੁਧਿਆਣਾ ਦੇ ਸਿਆੜ ਪਿੰਡ ਦੇ ਵਿਸ਼ੇਸ਼ ਓਲੰਪੀਅਨ ਰਾਜਵੀਰ ਸਿੰਘ (21) ਦੀ ਮੌਤ ’ਤੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਖੇਡ ਮੰਤਰੀ ਰਾਣਾ ਸੋਢੀ ਨੇ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੂੰ 5 ਲੱਖ ਰੁਪਏ ਦੀ ਵਿੱਤੀ ਸਹਾਇਤਾ ਦੇਣ ਦਾ ਐਲਾਨ ਕੀਤਾ।