ਨਵੀਂ ਦਿੱਲੀ, 28 ਫਰਵਰੀ
ਸਲਾਮੀ ਬੱਲੇਬਾਜ਼ ਮਾਯੰਕ ਅਗਰਵਾਲ ਨੂੰ ਇੰਡੀਅਨ ਪ੍ਰੀਮੀਅਰ ਲੀਗ ਦੇ ਆਗਾਮੀ ਸੈਸ਼ਨ ਲਈ ਅੱਜ ਪੰਜਾਬ ਕਿੰਗਜ਼ ਦਾ ਕਪਤਾਨ ਨਿਯੁਕਤ ਕੀਤਾ ਗਿਆ ਹੈ।
ਭਾਰਤ ਦੀ ਟੈਸਟ ਟੀਮ ਦਾ ਮੈਂਬਰ ਬੰਗਲੌਰ ਦਾ 31 ਸਾਲਾ ਅਗਰਵਾਲ ਉਨ੍ਹਾਂ ਦੋ ਖਿਡਾਰੀਆਂ ਵਿਚ ਸ਼ਾਮਲ ਸੀ ਜਿਨ੍ਹਾਂ ਨੂੰ ਆਈਪੀਐੱਲ ਦੀ ਮੈਗਾ ਨਿਲਾਮੀ ਤੋਂ ਪਹਿਲਾਂ ਪੰਜਾਬ ਕਿੰਗਜ਼ ਨੇ ਆਪਣੇ ਨਾਲ ਕਾਇਮ ਰੱਖਿਆ ਸੀ। ਟੀਮ ਨੇ ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ ਨੂੰ ਵੀ ਰਿਟੇਨ ਕੀਤਾ ਸੀ।
ਅਗਰਵਾਲ ਨੇ ਫਰੈਂਚਾਇਜ਼ੀ ਦੇ ਪ੍ਰੈੱਸ ਬਿਆਨ ਵਿਚ ਕਿਹਾ, ‘‘ਮੈਂ 2018 ਤੋਂ ਪੰਜਾਬ ਕਿੰਗਜ਼ ਨਾਲ ਜੁੜਿਆ ਹੋਇਆ ਹਾਂ ਅਤੇ ਇਸ ਸ਼ਾਨਦਾਰ ਟੀਮ ਦੀ ਨੁਮਾਇੰਦਗੀ ਕਰਨ ਵਿਚ ਮੈਨੂੰ ਕਾਫੀ ਮਾਣ ਮਹਿਸੂਸ ਹੁੰਦਾ ਹੈ। ਟੀਮ ਦੀ ਅਗਵਾਈ ਕਰਨ ਦਾ ਮੌਕਾ ਮਿਲਣ ਦੀ ਮੈਨੂੰ ਖੁਸ਼ੀ ਹੈ।’’ ਅਗਰਵਾਲ 2018 ਤੋਂ ਪੰਜਾਬ ਕਿੰਗਜ਼ ਦਾ ਅਹਿਮ ਹਿੱਸਾ ਰਿਹਾ ਹੈ। ਉਹ ਟੀਮ ਦਾ ਉਪ ਕਪਤਾਨ ਸੀ ਅਤੇ ਪਿਛਲੇ ਸੈਸ਼ਨ ਵਿਚ ਉਸ ਨੇ ਕੁਝ ਸਮੇਂ ਲਈ ਟੀਮ ਦੀ ਅਗਵਾਈ ਵੀ ਕੀਤੀ।
ਉਸ ਨੇ ਕਿਹਾ, ‘‘ਸਾਡੇ ਕੋਲ ਕੁਝ ਬੇਹੱਦ ਤਜਰਬੇਕਾਰ ਖਿਡਾਰੀ ਹਨ ਅਤੇ ਨਾਲ ਹੀ ਕੁਝ ਪ੍ਰਤਿਭਾਸ਼ਾਲੀ ਨੌਜਵਾਨ ਖਿਡਾਰੀ ਵੀ ਜੋ ਮੌਕੇ ਦਾ ਫਾਇਦਾ ਉਠਾਉਣ ਲਈ ਕਾਹਲੇ ਹਨ।’’ ਸਾਲ 2011 ਵਿਚ ਆਈਪੀਐੱਲ ਵਿਚ ਸ਼ੁਰੂਆਤ ਕਰਨ ਵਾਲੇ ਅਗਰਵਾਲ ਨੇ ਪਿਛਲੇ ਦੋ ਸੈਸ਼ਨਾਂ ਵਿਚ 400 ਤੋਂ ਜ਼ਿਆਦਾ ਦੌੜਾਂ ਬਣਾਈਆਂ ਹਨ। ਉਸ ਨੇ ਭਾਰਤ ਲਈ 19 ਟੈਸਟ ਮੈਚਾਂ ਵਿਚ ਚਾਰ ਸੈਂਕੜਿਆਂ ਦੀ ਮਦਦ ਨਾਲ 1429 ਦੌੜਾਂ ਬਣਾਈਆਂ ਹਨ। ਉਸ ਨੇ ਪੰਜ ਇਕ ਰੋਜ਼ਾ ਕੌਮਾਂਤਰੀ ਮੈਚ ਵੀ ਖੇਡੇ ਹਨ।
ਪੰਜਾਬ ਕਿੰਗਜ਼ ਦੇ ਮੁੱਖ ਕੋਚ ਅਨਿਲ ਕੁੰਬਲੇ ਨੇ ਕਿਹਾ, ‘‘ਮਾਯੰਕ 2018 ਤੋਂ ਟੀਮ ਦਾ ਅਹਿਮ ਹਿੱਸਾ ਹੈ ਅਤੇ ਪਿਛਲੇ ਦੋ ਸਾਲ ਤੋਂ ਅਗਵਾਈ ਕਰਨ ਵਾਲੇ ਸਮੂਹ ਦਾ ਹਿੱਸਾ ਵੀ ਹੈ। ਅਸੀਂ ਮਾਯੰਕ ਦੀ ਅਗਵਾਈ ਵਿਚ ਭਵਿੱਖ ਲਈ ਮਜ਼ਬੂਤ ਨੀਂਹ ਰੱਖਣਾ ਚਾਹੁੰਦੇ ਹਾਂ।’’ ਪੰਜਾਬ ਕਿੰਗਜ਼ ਦੀ ਟੀਮ ਅਜੇ ਤੱਕ ਆਈਪੀਐੱਲ ਨਹੀਂ ਜਿੱਤ ਸਕੀ ਹੈ ਅਤੇ ਉਸ ਦਾ ਪ੍ਰਦਰਸ਼ਨ ਕਮਜ਼ੋਰ ਰਿਹਾ ਹੈ। ਟੀਮ ਵੱਲੋਂ ਪਹਿਲਾਂ ਜਿ਼ਆਦਾ ਪੈਸੇ ਦੇ ਕੇ ਹਰਫ਼ਨਮੌਲਾ ਖਿਡਾਰੀਆਂ ਨੂੰ ਲਿਆਂਦਾ ਗਿਆ ਸੀ ਪਰ ਉਹ ਆਪਣੇ ਪ੍ਰਦਰਸ਼ਨ ਨਾਲ ਟੀਮ ਨੂੰ ਕਾਮਯਾਬ ਬਣਾਉਣ ’ਚ ਨਾਕਾਮ ਰਹੇ ਸਨ। -ਪੀਟੀਆਈ