ਐੱਸ.ਐੱਸ. ਸੱਤੀ
ਮਸਤੂਆਣਾ ਸਾਹਿਬ, 10 ਸਤੰਬਰ
ਸੰਤ ਅਤਰ ਸਿੰਘ ਯਾਦਗਾਰੀ ਸਟੇਡੀਅਮ ਮਸਤੂਆਣਾ ਸਾਹਿਬ ਵਿਖੇ ਬਲਾਕ ਪੱਧਰੀ ਪ੍ਰਾਇਮਰੀ ਸਕੂਲਾਂ ਦੀਆਂ ਖੇਡਾਂ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ (ਸੰਗਰੂਰ-1) ਗੁਰਮੀਤ ਸਿੰਘ ਈਸਾਪੁਰ ਦੀ ਨਿਗਰਾਨੀ ਹੇਠ ਸਮੂਹ ਸਟਾਫ ਦੇ ਸਹਿਯੋਗ ਸਦਕਾ ਕਰਵਾਈਆਂ ਗਈਆਂ। ਇਸ ਮੌਕੇ ਵੱਖ-ਵੱਖ ਸਕੂਲਾਂ ਦੇ ਹੋਏ ਕਬੱਡੀ ਅਤੇ ਖੋ-ਖੋ ਮੁਕਾਬਲਿਆਂ ਵਿੱਚ ਓਵਰਆਲ ਚੈਂਪੀਅਨਸ਼ਿਪ ’ਤੇ ਪੁਲੀਸ ਲਾਈਨ ਸਕੂਲ ਦੇ ਬੱਚਿਆਂ ਨੇ ਕਬਜ਼ਾ ਕੀਤਾ ਜਦਕਿ ਭਾਲਾ ਬਸਤੀ ਸਕੂਲ ਦੇ ਬੱਚਿਆਂ ਨੇ ਦੂਸਰਾ ਸਥਾਨ ਹਾਸਲ ਕੀਤਾ। ਮੁੰਡਿਆਂ ਦੇ ਕਬੱਡੀ ਮੁਕਾਬਲਿਆਂ ’ਚੋਂ ਅਕੋਈ ਸਾਹਿਬ ਨੇ ਪਹਿਲਾ ਤੇ ਭਾਲਾ ਬਸਤੀ ਸਕੂਲ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ। ਕੁੜੀਆਂ ਦੇ ਕਬੱਡੀ ਮੁਕਾਬਲਿਆਂ ’ਚੋਂ ਪੁਲੀਸ ਲਾਈਨ ਸਕੂਲ ਨੇ ਪਹਿਲਾ ਤੇ ਭਾਲਾ ਬਸਤੀ ਸਕੂਲ ਨੇ ਦੂਸਰਾ ਸਥਾਨ ਹਾਸਲ ਕੀਤਾ। ਮੁੰਡਿਆਂ ਦੇ ਖੋ-ਖੋ ਮੁਕਾਬਲਿਆਂ ’ਚ ਦੇਹ ਕਲਾਂ ਸਕੂਲ ਪਹਿਲੇ ਅਤੇ ਭਿੰਡਰਾਂ ਸਕੂਲ ਦੇ ਬੱਚੇ ਦੂਜੇ ਨੰਬਰ ’ਤੇ ਰਹੇ। ਇਸੇ ਤਰਾਂ ਕੁੜੀਆਂ ਦੇ ਖੋ-ਖੋ ਮੁਕਾਬਲਿਆਂ ਵਿੱਚ ਪੁਲੀਸ ਲਾਈਨ ਸਕੂਲ ਨੇ ਪਹਿਲਾ ਅਤੇ ਭਾਲਾ ਬਸਤੀ ਸਕੂਲ ਨੇ ਦੂਸਰਾ ਸਥਾਨ ਹਾਸਲ ਕੀਤਾ।
ਇਨ੍ਹਾਂ ਖੇਡਾਂ ਦਾ ਉਦਘਾਟਨ ਡੀਐੱਸਪੀ ਸੰਗਰੂਰ ਚਰਨਪਾਲ ਸਿੰਘ ਨੇ ਕੀਤਾ ਜਦੋਂਕਿ ਵਿਸ਼ੇਸ਼ ਮਹਿਮਾਨ ਵਜੋਂ ਜ਼ਿਲ੍ਹਾ ਸਿੱਖਿਆ ਅਧਿਕਾਰੀ ਡਾ. ਕੁਲਤਰਨਜੀਤ ਸਿੰਘ, ਉਪ ਜ਼ਿਲ੍ਹਾ ਸਿੱਖਿਆ ਅਫਸਰ ਅੰਗਰੇਜ਼ ਸਿੰਘ, ਉਪ ਜ਼ਿਲ੍ਹਾ ਖੇਡ ਅਫਸਰ ਵਰਿੰਦਰਜੀਤ, ਪ੍ਰਿੰਸੀਪਲ ਡਾ. ਗੀਤਾ ਠਾਕੁਰ ਅਤੇ ਡਾ. ਨਰਿੰਦਰ ਸਿੰਘ ਬਡਬਰ ਸ਼ਾਮਲ ਹੋਏ। ਇਨਾਮਾਂ ਦੀ ਵੰਡ ਮੁੱਖ ਮਹਿਮਾਨ ਵਜੋਂ ਪਹੁੰਚੇ ਸੰਗਰੂਰ ਦੇ ਵਿਧਾਇਕ ਬੀਬੀ ਨਰਿੰਦਰ ਕੌਰ ਭਰਾਜ ਨੇ ਕੀਤੀ।
ਇਸ ਮੌਕੇ ਬੀਬੀ ਭਰਾਜ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਉਹ ਸਕੂਲਾਂ ਦੀ ਦਿੱਖ ਦਿੱਲੀ ਦੇ ਸਕੂਲਾਂ ਵਾਲੀ ਕਰ ਦੇਣਗੇ। ਲੋਕ ਸਰਕਾਰੀ ਸਕੂਲਾਂ ਵਿੱਚ ਆਪਣੇ ਬੱਚਿਆਂ ਨੂੰ ਪੜ੍ਹਾ ਕੇ ਸੰਤੁਸ਼ਟ ਹੋਣਗੇ। ਸਕੂਲ ਪ੍ਰਬੰਧਕਾਂ ਵੱਲੋਂ ਵਿਧਾਇਕ ਅਤੇ ਹੋਰ ਸ਼ਖ਼ਸੀਅਤਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਬੱਚਿਆਂ ਲਈ ਲੰਗਰ ਦਾ ਪ੍ਰਬੰਧ ਅਕਾਲ ਕਾਲਜ ਕੌਂਸਲ ਵੱਲੋਂ ਕੀਤਾ ਗਿਆ।