ਨਵੀਂ ਦਿੱਲੀ: ਉੜੀਸਾ ਸਰਕਾਰ ਨੇ ਦੇਸ਼ ਦੇ ਸਭ ਤੋਂ ਵੱਡੇ ਪੁਰਸਕਾਰ ‘ਰਾਜੀਵ ਗਾਂਧੀ ਖੇਡ ਰਤਨ’ ਲਈ ਪੈਰਾ ਬੈਡਮਿੰਟਨ ਖਿਡਾਰੀ ਪ੍ਰਮੋਦ ਭਗਤ ਦੇ ਨਾਂ ਦੀ ਸਿਫਾਰਸ਼ ਕੀਤੀ ਹੈ। ਉਹ ਟੋਕੀਓ ਪੈਰਾਲੰਪਿਕ ਲਈ ਕੁਆਲੀਫਾਈ ਕਰ ਚੁੱਕਿਆ ਹੈ। ਐੱਸਐੱਲ-3 ਵਰਗ ’ਚ ਪਹਿਲੇ ਦਰਜੇ ਦੇ ਖਿਡਾਰੀ ਭਗਤ ਨੂੰ 2019 ਵਿੱਚ ਅਰਜਨ ਐਵਾਰਡ ਨਾਲ ਸਨਮਾਨਿਆ ਗਿਆ ਸੀ। ਉਹ 2019 ਵਿੱਚ ਵਿਸ਼ਵ ਚੈਂਪੀਅਨਸ਼ਿਪ ਸਮੇਤ 12 ਸੋਨੇ, ਪੰਜ ਚਾਂਦੀ ਤੇ ਚਾਰ ਕਾਂਸੀ ਦੇ ਤਗਮੇ ਜਿੱਤ ਚੁੱਕਾ ਹੈ। ਇਸੇ ਤਰ੍ਹਾਂ ਉੜੀਸਾ ਖੇਡ ਤੇ ਯੁਵਾ ਸੇਵਾ ਵਿਭਾਗ ਨੇ ਅਰਜਨ ਪੁਰਸਕਾਰ ਲਈ ਭਾਰਤੀ ਮਹਿਲਾ ਹਾਕੀ ਟੀਮ ਦੀ ਉਪ ਕਪਤਾਨ ਦੀਪ ਗ੍ਰੇਸ ਏਕਾ ਦਾ ਨਾਂ ਦਿੱਤਾ ਹੈ। ਭਾਰਤ ਲਈ 150 ਅੰਤਰਰਾਸ਼ਟਰੀ ਮੁਕਾਬਲੇ ਖੇਡ ਚੁੱਕੀ ਦੀਪ 2018 ਏਸ਼ਿਆਈ ਖੇਡਾਂ ਵਿੱਚ ਚਾਂਦੀ ਦਾ ਤਗਮਾ ਜਿੱਤਣ ਵਾਲੀ ਭਾਰਤੀ ਟੀਮ ਦਾ ਹਿੱਸਾ ਸੀ। -ਪੀਟੀਆਈ