ਬਰਮਿੰਘਮ, 2 ਅਗਸਤ
ਭਾਰਤ ਵੱਲੋਂ ਤਗਮੇ ਦੀ ਤਕੜੀ ਦਾਅਵੇਦਾਰ ਪੂਨਮ ਯਾਦਵ ਕਲੀਨ ਐਂਡ ਜਰਕ ਵਿਚ ਤਿੰਨਾਂ ਯਤਨਾਂ ਵਿਚ ਨਾਕਾਮ ਰਹਿਣ ਕਾਰਨ ਰਾਸ਼ਟਰਮੰਡਲ ਖੇਡਾਂ ਦੇ ਵੇਟਲਿਫਟਿੰਗ ਮੁਕਾਬਲੇ ਵਿਚ ਮਹਿਲਾਵਾਂ ਦੇ 76 ਕਿਲੋਗ੍ਰਾਮ ਭਾਰ ਵਰਗ ’ਚ ਇੱਥੇ ਤਗਮਾ ਜਿੱਤਣ ਵਿਚ ਅਸਫ਼ਲ ਰਹੀ।
ਪੂਨਮ ਨੇ ਸਨੈਚ ਵਿਚ 98 ਕਿਲੋ ਭਾਰ ਚੁੱਕ ਕੇ ਦੂਜਾ ਸਥਾਨ ਹਾਸਲ ਕੀਤਾ ਸੀ। ਪਰ ਕਲੀਨ ਐਂਡ ਜਰਕ ਵਿਚ ਉਹ ਆਪਣੇ ਤਿੰਨ ਯਤਨਾਂ ਵਿਚ 116 ਕਿਲੋ ਭਾਰ ਨਹੀਂ ਚੁੱਕ ਸਕੀ। ਪੂਨਮ ਨੇ ਸਨੈਚ ਵਿਚ ਆਪਣੇ ਪਹਿਲੇ ਯਤਨ ਵਿਚ ਨਾਕਾਮ ਰਹਿਣ ’ਤੇ ਦੂਜੇ ਯਤਨ ਵਿਚ 95 ਤੇ ਤੀਸਰੇ ਤੇ ਆਖ਼ਰੀ ਯਤਨ ਵਿਚ 98 ਕਿਲੋ ਭਾਰ ਚੁੱਕ ਕੇ ਖ਼ੁਦ ਨੂੰ ਤਗਮੇ ਦੀ ਦੌੜ ਵਿਚ ਸ਼ਾਮਲ ਕਰ ਲਿਆ ਸੀ। ਕੈਨੇਡਾ ਦੀ ਮਾਇਆ ਲੇਲੋਰ ਨੇ ਕੁੱਲ 228 ਕਿਲੋ ਭਾਰ ਚੁੱਕ ਕੇ ਰਾਸ਼ਟਰਮੰਡਲ ਖੇਡਾਂ ਦੇ ਨਵੇਂ ਰਿਕਾਰਡ ਨਾਲ ਇਸ ਮੁਕਾਬਲੇ ਦਾ ਸੋਨ ਤਗਮਾ ਜਿੱਤਿਆ।
ਉਨ੍ਹਾਂ ਸਨੈਚ ਵਿਚ 100 ਤੇ ਕਲੀਨ ਐਂਡ ਜਰਕ ਵਿਚ 128 ਕਿਲੋ ਭਾਰ ਚੁੱਕਿਆ। ਨਾਇਜੀਰੀਆ ਦੀ ਤਾਇਵੋ ਲਿਆਡੀ ਨੇ ਕੁੱਲ 216 ਕਿਲੋ ਭਾਰ ਚੁੱਕਿਆ ਜਦਕਿ ਨੌਰੂ ਦੀ ਮੈਕਸਿਮਾ ਉਏਪਾ ਨੇ 215 ਕਿਲੋ ਭਾਰ ਚੁੱਕ ਕੇ ਕਾਂਸੀ ਦਾ ਤਗਮਾ ਜਿੱਤਿਆ। ਜ਼ਿਕਰਯੋਗ ਹੈ ਕਿ ਭਾਰਤ ਦਾ ਹੁਣ ਤੱਕ ਦਾ ਸਭ ਤੋਂ ਚੰਗਾ ਪ੍ਰਦਰਸ਼ਨ ਵੇਟਲਿਫਟਿੰਗ ਵਿਚ ਹੀ ਰਿਹਾ ਹੈ ਤੇ ਕਈ ਤਗਮੇ ਭਾਰਤੀ ਵੇਟਲਿਫਟਰ ਦੇਸ਼ ਦੀ ਝੋਲੀ ਪਾ ਚੁੱਕੇ ਹੈ। ਇਸ ਦੇ ਮੱਦੇਨਜ਼ਰ ਹੋਰਨਾਂ ਵੇਟਲਿਫਟਰਾਂ ਤੋਂ ਵੀ ਦੇਸ਼ ਦੇ ਲੋਕਾਂ ਦੀਆਂ ਉਮੀਦਾਂ ਵਧੀਆਂ ਹੋਈਆਂ ਹਨ। -ਪੀਟੀਆਈ
ਪੂਨਮ ’ਤੇ ਸੱਟ ਦੇ ਬਾਵਜੂਦ ਮੁਕਾਬਲੇ ’ਚ ਹਿੱਸਾ ਲੈਣ ਦਾ ਦੋਸ਼
ਬਰਮਿੰਘਮ: ਭਾਰਤੀ ਵੇਟਲਿਫਟਿੰਗ ਮਹਾਸੰਘ ਦੇ ਪ੍ਰਧਾਨ ਸਹਿਦੇਵ ਯਾਦਵ ਨੇ ਅੱਜ ਇੱਥੇ ਰਾਸ਼ਟਰਮੰਡਲ ਖੇਡਾਂ ਵਿਚ ਪੂਨਮ ਯਾਦਵ ਦੇ ਮਾੜੇ ਪ੍ਰਦਰਸ਼ਨ ਤੋਂ ਬਾਅਦ ਦਾਅਵਾ ਕੀਤਾ ਕਿ ਇਸ ਵੇਟਲਿਫਟਰ ਨੇ ‘ਪੂਰੀ ਤਰ੍ਹਾਂ ਫਿਨ ਨਾ ਹੋਣ’ ਦੇ ਬਾਵਜੂਦ ਮੁਕਾਬਲੇ ਵਿਚ ਹਿੱਸਾ ਲਿਆ। ਪੂਨਮ ਦੇ ਪ੍ਰਦਰਸ਼ਨ ਤੋਂ ਨਿਰਾਸ਼ ਮਹਾਸੰਘ ਦੇ ਪ੍ਰਧਾਨ ਨੇ ਕਿਹਾ ਕਿ ਇਸ ਵੇਟਲਿਫਟਰ ਨੇ ਗੋਡੇ ਦੀ ਸੱਟ ਦੇ ਬਾਵਜੂਦ ਮੁਕਾਬਲਾ ਕੀਤਾ। ਯਾਦਵ ਨੇ ਕਿਹਾ ਕਿ ਇਕ ਤਗਮਾ ਹੱਥੋਂ ਨਿਕਲ ਗਿਆ ਹੈ। ਉਨ੍ਹਾਂ ਕਿਹਾ ਕਿ ਇਹੀ ਕਾਰਨ ਹੈ ਕਿ ਸੰਘ ਨੇ ਸ਼ੁਰੂਆਤ ਵਿਚ ਉਸ ਦਾ ਨਾਂ ਰੋਕ ਕੇ ਰੱਖਿਆ ਹੋਇਆ ਸੀ। ਪਰ ਖਿਡਾਰੀ ਨੇ ਦਾਅਵਾ ਕੀਤਾ ਕਿ ਉਹ ਫਿਟ ਹੈ ਤੇ ਇਕ ਡਾਕਟਰ ਦਾ ਸਰਟੀਫਿਕੇਟ ਵੀ ਦਿਖਾਇਆ। -ਪੀਟੀਆਈ