ਚੰਡੀਗੜ੍ਹ (ਟ੍ਰਿਬਿਊਨ ਨਿਊਜ਼ ਸਰਵਿਸ): ਟੋਕੀਓ ਓਲੰਪਿਕ ਖੇਡਾਂ ਵਿੱਚ ਨਿਵੇਕਲੇ ਨਜ਼ਾਰੇ ਵੇਖਣ ਨੂੰ ਮਿਲ ਰਹੇ ਹਨ। ਆਸਟਰੀਆ ਦੀ ਅੰਨਾ ਕੀਅਸਨਹੋਫਰ ਨੇ ਸਾਈਕਲਿੰਗ ਰੋਡ ਰੇਸ ਵਿੱਚ ਸੋਨ ਤਗ਼ਮਾ ਜਿੱਤ ਕੇ ਪੂਰੀ ਕੁਲ ਆਲਮ ਨੂੰ ਹੈਰਾਨ ਕੀਤਾ ਹੈ। ਹੈਰਾਨਗੀ ਦੀ ਵਜ੍ਹਾ ਅੰਨਾ ਦਾ ਸਾਈਕਲ ਦੌੜ ਜਿੱਤਣਾ ਨਹੀਂ ਬਲਕਿ ਲੋਕ ਇਹ ਜਾਣ ਕੇ ਹੈਰਾਨ ਹਨ ਕਿ ਇਹ ਸਾਈਕਲਿਸਟ ਗਣਿਤ ਵਿੱਚ ਪੀਐੱਚ.ਡੀ ਭਾਵ ਡਾਕਟਰੇਟ ਹੈ। ਉਸ ਨੇ ਰੀਓ ਓਲੰਪਿਕ ਵਿੱਚ ਚਾਂਦੀ ਦਾ ਤਗ਼ਮਾ ਜੇਤੂ ਨੀਦਰਲੈਂਡ ਦੀ ਐਨੇਮਿਕ ਵੈਨ ਵਲਿਊਟਨ ਨੂੰ ਪਛਾੜ ਕੇ ਆਸਟਰੀਆ ਦੀ ਝੋਲੀ ਸੋਨ ਤਗ਼ਮਾ ਪਾਇਆ ਹੈ। 30 ਸਾਲਾ ਨੈਸ਼ਨਲ ਟਾਈਮ ਟਰਾਇਲ ਚੈਂਪੀਅਨ ਅੰਨਾ ਨੇ ਕੈਟਾਲੋਨੀਆ ਦੀ ਪੌਲੀਟੈਕਨਿਕ ਯੂਨੀਵਰਸਿਟੀ ਤੋਂ ਗਣਿਤ ਵਿੱਚ ਪੀਐੱਚ.ਡੀ ਕੀਤੀ ਹੋਈ ਹੈ। ਉਸ ਨੇ ਵੀਏਨਾ ਅਤੇ ਕੈਂਬਰਿਜ ਯੂਨੀਵਰਸਿਟੀਆਂ ਵਿੱਚ ਵੀ ਪੜ੍ਹਾਈ ਕੀਤੀ ਹੈ। ਸਾਈਕਲਿੰਗ ਰੋਡ ਰੇਸ ਫਾਈਨਲ ਵਿੱਚ ਵੈਨ ਵਲਿਊਟਨ ਨੇ ਚਾਂਦੀ ਅਤੇ ਇਟਲੀ ਦੀ ਐਲਿਸਾ ਲੌਂਗੋ ਬੋਰਗਿਨੀ ਨੇ ਕਾਂਸੀ ਦਾ ਤਗ਼ਮਾ ਹਾਸਲ ਕੀਤਾ ਹੈ। ਕੀਅਸਨਹੋਫਰ ਨੇ ਆਪਣੀ ਜਿੱਤ ਨੂੰ ਸ਼ਾਨਦਾਰ ਦੱਸਦਿਆਂ ਕਿਹਾ ਕਿ ਉਸ ਨੂੰ ਇਕ ਵਾਰੀ ਤਾਂ ਯਕੀਨ ਹੀ ਨਹੀਂ ਆਇਆ ਕਿ ਉਸ ਨੇ ਫਿਨਿਸ਼ ਲਾਈਨ ਪਾਰ ਕਰ ਲਈ ਹੈ।
ਕੋਚ ਨੇ ਜੋਸ਼ ’ਚ ਗੁਆਏ ਹੋਸ਼: ਕਈ ਵਾਰ ਖ਼ੁਸ਼ੀ ਸਿਰ ਨੂੰ ਏਨੀ ਚੜ੍ਹ ਜਾਂਦੀ ਹੈ ਕਿ ਬੰਦਾ ਜੋਸ਼ ਵਿੱਚ ਹੀ ਹੋਸ਼ ਗੁਆ ਬੈਠਦਾ ਹੈ। ਆਸਟਰੇਲਿਆਈ ਤੈਰਾਕ ਆਰਿਆਨੇ ਟਿਟਮਸ ਦੇ ਕੋਚ ਡੀਨ ਬੌਕਸਲ ਨਾਲ ਵੀ ਅਜਿਹਾ ਹੀ ਵਾਪਰਿਆ, ਜਦੋਂ ਉਸ ਦੀ ਸ਼ਾਗਿਰਦ ਛੁਪੀ ਰੁਸਤਮ ਨਿਕਲੀ। ਦਰਅਸਲ, ਟੋਕੀਓ ਓਲੰਪਿਕ ਦੇ ਮਹਿਲਾ ਤੈਰਾਕੀ ਦੇ 400 ਮੀਟਰ ਫ੍ਰੀਸਟਾਈਲ ਮੁਕਾਬਲੇ ਵਿੱਚ ਅਮਰੀਕੀ ਤੈਰਾਕ ਦੇ ਜਿੱਤਣ ਦੇ ਦਾਅਵੇ ਕੀਤੇ ਜਾ ਰਹੇ ਸਨ, ਪਰ ਮੁਕਾਬਲਾ ਟਿਟਮਸ ਨੇ ਜਿੱਤ ਲਿਆ।
ਇਸ ਜਿੱਤ ਦੇ ਜੋਸ਼ ਨੇ ਕੋਚ ਬੌਕਸਲ ਦੇ ਹੋਸ਼ ਭੁਲਾ ਦਿੱਤੇ। ਖ਼ੁਸ਼ੀ ’ਚ ਖੀਵੇ ਹੋਏ ਕੋਚ ਦੀਆਂ ਅਜੀਬ ਹਰਕਤਾਂ ਸੋਸ਼ਲ ਮੀਡੀਆ ’ਤੇ ਚਰਚਾ ਦਾ ਵਿਸ਼ਾ ਬਣੀਆਂ ਹੋਈਆਂ ਹਨ। ਕੋਚ ਦੀ ਵਾਇਰਲ ਹੋਈ ਵੀਡੀਓ ਦਾ ਸੋਸ਼ਲ ਮੀਡੀਆ ’ਤੇ ਮਖੌਲ ਉਡਾਇਆ ਜਾ ਰਿਹਾ ਹੈ। ਇੱਕ ਟਿੱਪਣੀ ਵਿੱਚ ਲਿਖਿਆ ਹੋਇਆ ਹੈ ਕਿ ‘ਕੋਵਿਨ’ ਐਪ ਵਿੱਚ ਟੀਕਾ ਲਗਵਾਉਣ ਲਈ ਨਾਮ ਦਰਜ ਹੋਣ ਕਾਰਨ ਕੋਚ ਨੂੰ ਏਨੀ ਖੁਸ਼ੀ ਹੋ ਰਹੀ ਹੈ।
ਮੁਕਾਬਲੇ ਮਗਰੋਂ ਪਤਾ ਲੱਗਿਆ ਕਿ ਡੱਚ ਖਿਡਾਰੀ ਨੂੰ ਕਰੋਨਾ ਸੀ
ਕਰੋਨਾਵਾਇਰਸ ਕਾਰਨ ਇੱਕ ਸਾਲ ਪੱਛੜ ਕੇ ਹੋ ਰਹੀਆਂ ਓਲੰਪਿਕ ਖੇਡਾਂ ’ਤੇ ਇਸ ਮਹਾਮਾਰੀ ਦਾ ਖ਼ਤਰਾ ਅਜੇ ਵੀ ਬਰਕਰਾਰ ਹੈ। ਟੋਕੀਓ ਖੇਡਾਂ ਨਾਲ ਜੁੜੇ ਕੋਵਿਡ-19 ਦੇ ਅੱਜ 16 ਨਵੇਂ ਕੇਸਾਂ ਨਾਲ ਇਸ ਲਾਗ ਤੋਂ ਪੀੜਤਾਂ ਦੀ ਕੁੱਲ ਗਿਣਤੀ 148 ਹੋ ਗਈ ਹੈ। ਇਸ ਦੌਰਾਨ ਇੱਕ ਹੋਰ ਦਿਲਚਸਪ ਮਾਮਲਾ ਸਾਹਮਣੇ ਆਇਆ ਹੈ। ਕਿਸ਼ਤੀ ਚਾਲਣ ਵਿੱਚ ਹਿੱਸਾ ਲੈ ਰਹੇ ਨੀਦਰਲੈਂਡਜ਼ ਦੇ ਖਿਡਾਰੀ ਨੂੰ ਈਵੈਂਟ ਵਿਚ ਹਾਜ਼ਰੀ ਭਰਨ ਮਗਰੋਂ ਕਰੋਨਾ ਹੋਣ ਬਾਰੇ ਪਤਾ ਲੱਗਾ ਹੈ। ਟੋਕੀਓ ਓਲੰਪਿਕ ਦੇ ਪ੍ਰਬੰਧਕਾਂ ਨੇ ਇਸ ਦੀ ਪੁਸ਼ਟੀ ਕੀਤੀ ਹੈ। ਨੀਦਰਲੈਂਡ ਦੇ ਕਿਸ਼ਤੀ ਚਾਲਕ ਫਿਨ ਫਲੋਰਿਨ ਨੇ ਸ਼ੁੱਕਰਵਾਰ ਨੂੰ ਮੁਕਾਬਲੇ ਵਿੱਚ ਹਿੱਸਾ ਲਿਆ ਸੀ। ਹਾਲਾਂਕਿ, ਕਰੋਨਾ ਦੀ ਪੁਸ਼ਟੀ ਹੋਣ ਮਗਰੋਂ ਉਹ ਅਗਲੇ ਦਿਨ ਸਿੰਗਲ ਸਕੱਲਜ਼ ਦੇ ਰੈਪੇਚੇਜ਼ ਰੇਸ ਤੋਂ ਲਾਂਭੇ ਹੋ ਗਿਆ ਸੀ। ਇਸ ਸਮੇਂ ਉਹ ਇਕਾਂਤਵਾਸ ਵਿੱਚ ਹੈ। ਓਲੰਪਿਕ ਪ੍ਰਬੰਧਨ ਕਮੇਟੀ ਨੀਦਰਲੈਂਡ ਖਿਡਾਰੀ ਦੇ ਸੰਪਰਕ ਵਿੱਚ ਆਉਣ ਵਾਲਿਆਂ ਦਾ ਪਤਾ ਲਾਉਣ ਵਿੱਚ ਜੁਟੀ ਹੋਈ ਹੈ।