ਟੋਕੀਓ: ਸਵੀਡਨ ਦੇ ਆਰਮੰਡ ਡੁਪਲਾਂਟਿਸ ਨੇ ਓਲੰਪਿਕ ਪੋਲ ਵਾਲਟ ਮੁਕਾਬਲਿਆਂ ਦਾ ਸੋਨ ਤਗ਼ਮਾ ਜਿੱਤ ਲਿਆ ਹੈ। 21 ਸਾਲਾ ਡੁਪਲਾਂਟਿਸ ਨੇ 6.02 ਮੀਟਰ ਦੀ ਉਚਾਈ ਲੰਘ ਕੇ ਪੀਲਾ ਤਗ਼ਮਾ ਆਪਣੇ ਨਾਮ ਕੀਤਾ। ਅਮਰੀਕਾ ਦੇ ਕ੍ਰਿਸਟੋਫਰ ਨੀਲਸਨ ਨੇ ਚਾਂਦੀ ਤੇ ਬ੍ਰਾਜ਼ੀਲ ਦੇ ਥਿਆਗੋ ਬ੍ਰਾਜ ਦੇ ਹਿੱਸੇ ਕਾਂਸੀ ਆਈ। ਇਸ ਦੌਰਾਨ ਜਮਾਇਕ ਦੀ ਐਲਨ ਥੌਮਸਨ ਨੇ 200 ਮੀਟਰ ਫਰਾਟਾ ਦੌੜ ਜਿੱਤ ਲਈ ਹੈ। ਥੌਮਸਨ ਹੇਰਾ ਨੇ ਅਜੇ ਦੋ ਦਿਨ ਪਹਿਲਾਂ 100 ਮੀਟਰ ਦੌੜ ਵਿੱਚ ਸੋਨ ਤਗ਼ਮਾ ਆਪਣੇ ਗਲ ਪਾਇਆ ਸੀ। ਹੇਰਾ ਨੇ 200 ਮੀਟਰ ਦੌੜ ਨੂੰ ਪੂਰਾ ਕਰਨ ਲਈ 21.53 ਸਕਿੰਟ ਦਾ ਸਮਾਂ ਕੱਢਿਆ, ਜੋ ਓਲੰਪਿਕ ਦੇ ਇਤਿਹਾਸ ਵਿੱਚ ਦੂਜੀ ਸਭ ਤੋਂ ਤੇਜ਼ ਦੌੜ ਹੈ।