ਟੋਕੀਓ, 29 ਅਗਸਤ
ਭਾਰਤ ਦੇ ਡਿਸਕਸ ਥਰੋਅ ਅਥਲੀਟ ਵਿਨੋਦ ਕੁਮਾਰ ਨੇ ਏਸ਼ਿਆਈ ਰਿਕਾਰਡ ਬਣਾ ਕੇ ਅੱਜ ਇੱਥੇ ਟੋਕੀਓ ਪੈਰਾਲੰਪਿਕ ਦੇ ਪੁਰਸ਼ਾਂ ਦੇ ਐੱਫ-52 ਮੁਕਾਬਲੇ ਵਿੱਚ ਕਾਂਸੀ ਦਾ ਤਗ਼ਮਾ ਜਿੱਤਿਆ ਸੀ, ਪਰ ਉਨ੍ਹਾਂ ਦੀ ਵਿਕਲਾਂਗਤਾ ਦੇ ਕੁਆਲੀਫਿਕੇਸ਼ਨ ’ਤੇ ਉਂਗਲ ਉੱਠਣ ਮਗਰੋਂ ਫਿਲਹਾਲ ਇਸ ਨੂੰ ਰੋਕ ਦਿੱਤਾ ਗਿਆ ਹੈ। ਐੱਫ-52 ਮੁਕਾਬਲੇ ਵਿੱਚ ਉਹ ਅਥਲੀਟ ਹਿੱਸਾ ਲੈਂਦੇ ਹਨ, ਜਿਨ੍ਹਾਂ ਦੀਆਂ ਮਾਸਪੇਸ਼ੀਆਂ ਦੀ ਸਮਰੱਥਾ ਕਮਜ਼ੋਰ ਹੁੰਦੀ ਹੈ ਅਤੇ ਉਨ੍ਹਾਂ ਦਾ ਸਰੀਰ ਪੂਰੀ ਤਰ੍ਹਾਂ ਕੰਮ ਨਹੀਂ ਕਰਦਾ, ਹੱਥ ਮੁੜ ਜਾਂਦੇ ਹਨ ਜਾਂ ਪੈਰਾਂ ਦੀ ਲੰਬਾਈ ਵਿੱਚ ਫ਼ਰਕ ਹੁੰਦਾ ਹੈ। ਪ੍ਰਬੰਧਕਾਂ ਨੇ 22 ਅਗਸਤ ਨੂੰ ਵਿਨੋਦ ਦਾ ਕੁਆਲੀਫਿਕੇਸ਼ਨ ਕੀਤਾ ਸੀ। ਹਾਲੇ ਇਹ ਸਪੱਸ਼ਟ ਨਹੀਂ ਹੈ ਕਿ ਕਿਸ ਆਧਾਰ ’ਤੇ ਕੁਆਲੀਫਿਕੇਸ਼ਨ ਨੂੰ ਚੁਣੌਤੀ ਦਿੱਤੀ ਗਈ ਹੈ। ਤਗ਼ਮਾ ਵੰਡ ਸਮਾਰੋਹ ਵੀ 30 ਅਗਸਤ ਤੱਕ ਮੁਲਤਵੀ ਕਰ ਦਿੱਤਾ ਗਿਆ। ਭਾਰਤੀ ਦਲ ਦੇ ਪ੍ਰਮੁੱਖ ਗੁਰਸ਼ਰਨ ਸਿੰਘ ਨੇ ਕਿਹਾ ਕਿ ਵਿਨੋਦ ਕੁਮਾਰ ਦਾ ਅਜੇ ਤਗ਼ਮੇ ’ਤੇ ਹੱਕ ਬਣਿਆ ਰਹੇਗਾ। -ਪੀਟੀਆਈ।