ਟੋਕੀਓ, 2 ਸਤੰਬਰ
ਵਿਸ਼ਵ ਦਾ ਅੱਵਲ ਨੰਬਰ ਸ਼ਟਲਰ ਪ੍ਰਮੋਦ ਭਗਤ(33) ਅੱਜ ਇਥ ਟੋਕੀਓ ਪੈਰਾਲੰਪਿਕਸ ਦੇ ਬੈਡਮਿੰਟਨ ਮੁਕਾਬਲਿਆਂ ਵਿੱਚ ਯੂਕਰੇਨ ਦੇ ਓਲੈਗਜ਼ੈਂਡਰ ਚਿਰਕੋਵ ਨੂੰ ਹਰਾ ਕੇ ਪੁਰਸ਼ ਸਿੰਗਲਜ਼ ਵਰਗ ਦੇ ਸੈਮੀ ਫਾਈਨਲ ਗੇੜ ਵਿੱਚ ਦਾਖ਼ਲ ਹੋ ਗਿਆ ਹੈ। ਭਗਤ ਨੇ ਆਪਣੇ ਗਰੁੱਪ ‘ਏ’ ਵਿੱਚ ਚਿਰਕੋਵ ਨੂੰ 26 ਮਿੰਟ ਤੱਕ ਚੱਲੇ ਮੁਕਾਬਲੇ ਵਿੱਚ 21-12, 21-9 ਨਾਲ ਸ਼ਿਕਸਤ ਦਿੰੰਦਿਆਂ ਐੱਸਐੱਲ3 ਵਰਗ ਦੇ ਆਖਰੀ ਚਾਰ ਵਿੱਚ ਥਾਂ ਪੱਕੀ ਕੀਤੀ। ਹੋਰਨਾਂ ਅਥਲੀਟਾਂ ਵਿੱਚ ਭਾਰਤੀ ਸ਼ਟਲਰਾਂ ਸੁਹਾਸ ਯਾਥੀਰਾਜ, ਤਰੁਣ ਢਿੱਲੋਂ ਤੇ ਕ੍ਰਿਸ਼ਨਾ ਨਾਗਰ ਨੇ ਵੀ ਪੁਰਸ਼ਾਂ ਦੇ ਸਿੰਗਲਜ਼ ਵਰਗ ਵਿੱਚ ਜਿੱਤ ਨਾਲ ਆਪਣੀ ਮੁਹਿੰਮ ਦੀ ਸ਼ੁਰੂਆਤ ਕੀਤੀ। ਸੁਹਾਸ ਤੇ ਤਰੁਣ ਨੇ ਕ੍ਰਮਵਾਰ ਜਰਮਨੀ ਤੇ ਥਾਈਲੈਂਡ ਦੇ ਸ਼ਟਲਰਾਂ ਖਿਲਾਫ ਆਸਾਨ ਜਿੱਤਾਂ ਦਰਜ ਕੀਤੀਆਂ। ਮਹਿਲਾ ਵਰਗ ਵਿੱਚ ਯੰਗ ਪਲਕ ਨੇ ਤੁਰਕੀ ਦੀ ਜ਼ਹਿਰਾ ਬਗਲਾਰ ਨੂੰ ਹਰਾਇਆ। -ਪੀਟੀਆਈ