ਗੁਹਾਟੀ, 12 ਦਸੰਬਰ
ਦੁਬਈ ਦੇ ਅਜਾਇਬ-ਘਰ ਵਿੱਚੋਂ ਫੁਟਬਾਲ ਦੇ ਮਹਾਨ ਖਿਡਾਰੀ ਡੀਏਗੋ ਮੈਰਾਡੋਨਾ ਦੀ ਦੁਰਲੱਭ ਘੜੀ ਚੋਰੀ ਕਰਨ ਵਾਲੇ ਅਸਾਮ ਦੇ ਸ਼ਿਵਾਸਾਗਰ ਜ਼ਿਲ੍ਹੇ ਦੇ ਗ੍ਰਿਫ਼ਤਾਰ ਵਿਅਕਤੀ ਦੇ ਘਰੋਂ ਟੋਪੀ, ਬੂਟ ਅਤੇ ਇੱਕ ਖਿਡੌਣਾ ਗੁੱਡੀ ਸਣੇ ਕਈ ਹੋਰ ਯਾਦਗਾਰੀ ਵਸਤਾਂ ਬਰਾਮਦ ਹੋਈਆਂ ਹਨ। ਪੁਲੀਸ ਨੇ ਅੱਜ ਦੱਸਿਆ ਕਿ ਇਹ ਪਤਾ ਲਗਾਇਆ ਜਾ ਰਿਹਾ ਹੈ ਕਿ ਜੋ ਕੁੱਝ ਵੀ ਬਰਾਮਦ ਕੀਤਾ ਗਿਆ ਕੀ ਉਹ ਅਰਜਨਟੀਨਾ ਦੇ ਮਰਹੂਮ ਫੁਟਬਾਲਰ ਨਾਲ ਸਬੰਧਿਤ ਹੈ। ਵਿਸ਼ੇਸ਼ ਡੀਜੀਪੀ (ਕਾਨੂੰਨ ਤੇ ਵਿਵਸਥਾ) ਜੀਪੀ ਸਿੰਘ ਨੇ ਟਵੀਟ ਕੀਤਾ, ‘‘ਮਰਹੂਮ ਡੀਏਗੋ ਮੈਰਾਡੋਨਾ ਦੀ ਘੜੀ ਬਰਾਮਦ ਕੀਤੀ ਗਈ ਹੈ। ਇਸ ਤੋਂ ਇਲਾਵਾ ਹੋਰ ਯਾਦਗਾਰੀ ਵਸਤਾਂ ਵੀ ਬਰਾਮਦ ਹੋਈਆਂ ਹਨ, ਜਿਨ੍ਹਾਂ ਵਿੱਚ ਜੈਕੇਟ, ਟਰੈਕ ਪੈਂਟ, ਟੀ-ਸ਼ਰਟ, ਬੂਟ, ਖਿਡੌਣਾ ਗੁੱਡੀ, ਸਕੁਐਸ਼ ਰੈਕੇਟ, ਘੜੀ, ਲਾਈਟਰ, ਟੋਪੀ ਅਤੇ ਆਈਪੈਡ ਸ਼ਾਮਲ ਹੈ।’’ ਸ਼ਿਵਾਸਾਗਰ ਪੁਲੀਸ ਨੇ ਆਪਣੇ ਟਵਿੱਟਰ ਹੈਂਡਲ ’ਤੇ ਦੱਸਿਆ ਕਿ ਦੁਬਈ ਦੀ ਇੱਕ ਕੰਪਨੀ ਵਿੱਚ ਸਕਿਉਰਿਟੀ ਗਾਰਡ ਵਜੋਂ ਕਰਦੇ ਇਸ ਮੁਲਜ਼ਮ ਦੇ ਘਰ ਦੀ ਸ਼ਨਿੱਚਰਵਾਰ ਰਾਤ ਨੂੰ ਤਲਾਸ਼ੀ ਲਈ ਗਈ ਸੀ। -ਪੀਟੀਆਈ