ਨਿੱਜੀ ਪੱਤਰ ਪ੍ਰੇਰਕ
ਜਲੰਧਰ, 25 ਅਕਤੂਬਰ
ਬਾਬਾ ਜੀਐੱਸ ਬੋਧੀ ਹਾਕੀ ਕਲੱਬ ਵੱਲੋਂ ਸਥਾਨਕ ਲਾਇਲਪੁਰ ਖ਼ਾਲਸਾ ਕਾਲਜ ਦੇ ਐਸਟਰੋਟਰਫ ਹਾਕੀ ਮੈਦਾਨ ਵਿੱਚ ਕਰਵਾਈ ਜਾ ਰਹੀ ਚੌਥੀ ਪਰਬਲ ਟੀਐੱਮ ਸਰੀਆ ਸਿਕਸ ਏ ਸਾਈਡ ਵੈਟਰਨ ਹਾਕੀ ਲੀਗ ’ਚ ਓਲੰਪੀਅਨ ਜਗਦੇਵ ਸਿੰਘ ਹਾਕੀ ਕਲੱਬ ਤੇ ਨੈਸ਼ਨਲ ਹਾਕੀ ਕਲੱਬ ਕਪੂਰਥਲਾ ਦੀਆਂ ਟੀਮਾਂ ਫਾਈਨਲ ’ਚ ਭਿੜਨਗੀਆਂ।
ਖੇਡੇ ਗਏ ਸੈਮੀਫਾਈਨਲ ਮੈਚਾਂ ਦੌਰਾਨ ਓਲੰਪੀਅਨ ਕਰਨਲ ਬਲਬੀਰ ਸਿੰਘ ਅਤੇ ਓਲੰਪੀਅਨ ਦਵਿੰਦਰ ਸਿੰਘ ਗਰਚਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਓਲੰਪੀਅਨ ਰਜਿੰਦਰ ਸਿੰਘ, ਸਾਹਿਬ ਸਿੰਘ ਹੁੰਦਲ, ਰਾਮਸ਼ਰਨ ਅਤੇ ਅਜੀਤ ਸਿੰਘ ਪੀਐੱਨਟੀ ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰ ਹੋਏ। ਕਲੱਬ ਦੇ ਪ੍ਰਧਾਨ ਦਲਜੀਤ ਸਿੰਘ, ਟੂਰਨਾਮੈਂਟ ਡਾਇਰੈਕਟਰ ਓਲੰਪੀਅਨ ਸੰਜੀਵ ਕੁਮਾਰ ਨੇ ਦੱਸਿਆ ਕਿ ਪਹਿਲੇ ਸੈਮੀਫਾਈਨਲ ਓਲੰਪੀਅਨ ਜਗਦੇਵ ਸਿੰਘ ਹਾਕੀ ਕਲੱਬ ਨੇ ਓਲੰਪੀਅਨ ਅਸ਼ੋਕ ਕੁਮਾਰ ਹਾਕੀ ਕਲੱਬ ਨੂੰ 3-1 ਦੇ ਫ਼ਰਕ ਨਾਲ ਹਰਾ ਕੇ ਫਾਈਨਲ ਵਿੱਚ ਪ੍ਰਵੇਸ਼ ਕੀਤਾ। ਜੇਤੂ ਟੀਮ ਲਈ ਕਪਤਾਨ ਧਰਮਪਾਲ ਸਿੰਘ ਨੇ 3 ਗੋਲ ਕਰ ਕੇ ਹੈਟ੍ਰਿਕ ਕੀਤੀ। ਦੂਜੇ ਸੈਮੀਫਾਈਨਲ ਮੈਚ ਵਿਚ ਨੈਸ਼ਨਲ ਹਾਕੀ ਕਲੱਬ ਕਪੂਰਥਲਾ ਨੇ ਓਲੰਪੀਅਨ ਸੁਰਜੀਤ ਸਿੰਘ ਹਾਕੀ ਕਲੱਬ ਨੂੰ 3-0 ਨਾਲ ਹਰਾ ਕੇ ਫਾਈਨਲ ਵਿੱਚ ਆਪਣੀ ਥਾਂ ਪੱਕੀ ਕੀਤੀ। ਵਿਜੇ ਕੁਮਾਰ ਨੇ ਨੈਸ਼ਨਲ ਹਾਕੀ ਕਲੱਬ ਲਈ ਹੈਟ੍ਰਿਕ ਲਗਾਈ।