ਟੋਕੀਓ: ਨਾਰਵੇ ਦੇ ਕਰਸਟਨ ਵਾਰਹੋਮ ਨੇ ਟੋਕੀਓ ਓਲੰਪਿਕ ਵਿੱਚ ਪੁਰਸ਼ਾਂ ਦੇ 400 ਮੀਟਰ ਅੜਿੱਕਾ ਦੌੜ ਵਿੱਚ ਵਿਸ਼ਵ ਰਿਕਾਰਡ ਦੇ ਨਾਲ ਸੋਨ ਤਗ਼ਮਾ ਜਿੱਤਿਆ ਹੈ। ਦੋ ਵਾਰ ਦੇ ਵਿਸ਼ਵ ਚੈਂਪੀਅਨ ਨੇ ਫਾਈਨਲ ਵਿੱਚ 45.94 ਸਕਿੰਟ ਦਾ ਸਮਾਂ ਕੱਢਿਆ। ਇਸ ਦੌੜ ਨੂੰ ਪੂਰਾ ਕਰਨ ਵਾਲੇ ਸੱਤ ਵਿੱਚੋਂ 6 ਦੌੜਾਕਾਂ ਨੇ ਖੇਤਰੀ ਜਾਂ ਕੌਮੀ ਰਿਕਾਰਡ ਬਣਾਇਆ ਹੈ। ਵਾਰਹੋਮ ਨੇ ਇਸ ਤੋਂ ਪਹਿਲਾਂ 1 ਜੁਲਾਈ ਨੂੰ ਓਸਲੋ ਵਿੱਚ 46.70 ਸਕਿੰਟ ਦੇ ਨਾਲ ਵਿਸ਼ਵ ਰਿਕਾਰਡ ਬਣਾਇਆ ਸੀ ਤੇ ਹੁਣ ਉਸ ਨੇ ਆਪਣੇ ਹੀ ਰਿਕਾਰਡ ਵਿੱਚ ਸੁਧਾਰ ਕੀਤਾ ਹੈ। ਅਮਰੀਕਾ ਦੇ ਰਾਇ ਬੈਂਜਾਮਿਨ ਨੇ 46.17 ਸਕਿੰਟ ਨਾਲ ਚਾਂਦੀ ਤੇ ਬ੍ਰਾਜ਼ੀਲ ਦੇ ਐਲੀਸਨ ਡੋਸ ਸਾਂਤੋਸ ਨੇ ਕਾਂਸੀ ਦਾ ਤਗ਼ਮਾ ਜਿੱਤਿਆ। ਇਸ ਤੋਂ ਪਹਿਲਾਂ ਮਹਿਲਾਵਾਂ ਦੀ ਲੰਮੀ ਛਾਲ ਵਿੱਚ ਜਰਮਨੀ ਦੀ ਮਲਾਇਕਾ ਮਿਹਾਂਬੋ ਨੇ ਆਪਣੀ ਆਖਰੀ ਕੋਸ਼ਿਸ਼ ਵਿੱਚ ਸੱਤ ਮੀਟਰ ਦੀ ਛਾਲ ਨਾਲ ਸੋਨ ਤਗ਼ਮਾ ਜਿੱਤਿਆ। ਉਸ ਨੇ ਅਮਰੀਕਾ ਦੀ ਬ੍ਰਿਟਨੀ ਰੀਸ ਨੂੰ ਪਿੱਛੇ ਛੱਡਿਆ। ਰੀਸ ਨੇ ਲੰਡਨ 2012 ਵਿੱਚ ਸੋਨ ਤਗ਼ਮਾ ਜਿੱਤਿਆ ਸੀ, ਪਰ ਰੀਓ ਮਗਰੋਂ ਉਸ ਨੂੰ ਟੋਕੀਓ ਵਿਚ ਚਾਂਦੀ ਦੇ ਤਗ਼ਮੇ ਨਾਲ ਸਬਰ ਕਰਨਾ ਪਿਆ। ਉਸ ਨੇ 6.97 ਮੀਟਰ ਦੀ ਛਾਲ ਮਾਰੀ। ਨਾਇਜੀਰੀਆ ਦੇ ਇਸੇ ਬਰੂਮ ਦੇ ਹਿੱਸੇ ਕਾਂਸੀ ਆਈ। -ਏਪੀ