ਕੇਪਟਾਊਨ, 9 ਜਨਵਰੀ
ਟੈਸਟ ਕਪਤਾਨ ਵਿਰਾਟ ਕੋਹਲੀ ਨੇ ਐਤਵਾਰ ਨੂੰ ਇਥੇ ਨੈੱਟ ਅਭਿਆਸ ਕੀਤਾ ਤੇ ਉਸ ਦੇ ਆਫ-ਡਰਾਈਵ ਤੇ ਕਵਰ-ਡਰਾਈਵ ਸ਼ਾਟ ਇਸ ਗੱਲ ਵੱਲ ਸੰਕੇਤ ਦੇ ਰਹੇ ਸਨ ਕਿ ਉਹ ਦੱਖਣੀ ਅਫਰੀਕਾ ਖ਼ਿਲਾਫ਼ ਤੀਸਰੇ ਤੇ ਫੈਸਲਾਕੁਨ ਮੈਚ ਵਿੱਚ ਵਾਪਸੀ ਕਰ ਸਕਦਾ ਹੈ। ਉਹ ਪਿੱਠ ਵਿੱਚ ਦਰਦ ਕਾਰਨ ਜੌਹਾਨਿਸਬਰਗ ਦੇ ਦੂਸਰੇ ਟੈਸਟ ਮੈਚ ਵਿੱਚ ਨਹੀਂ ਖੇਡ ਸਕਿਆ ਸੀ। ਬੀਸੀਸੀਆਈ ਨੇ ਟਵੀਟ ਕਰਦਿਆਂ ਕਿਹਾ ਹੈ ਟੀਮ ਇੰਡੀਆ ਨੇ ਇਥੇ ਤੀਸਰੇ ਟੈਸਟ ਮੈਚ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਭਾਰਤ ਤੇ ਦੱਖਣੀ ਅਫਰੀਕਾ ਵਿੱਚ ਟੈਸਟ ਮੈਚਾਂ ਦੀ ਲੜੀ 1-1 ’ਤੇ ਬਰਾਬਰ ਹੈ ਤੇ 11 ਤੋਂ 15 ਜਨਵਰੀ ਤੱਕ ਖੇਡਿਆ ਜਾਣ ਵਾਲਾ ਤੀਸਰਾ ਟੈਸਟ ਮੈਚ ਫੈਸਲਾਕੁਨ ਹੋਵੇਗਾ। -ਪੀਟੀਆਈ