ਨਵੀਂ ਦਿੱਲੀ (ਪੱਤਰ ਪ੍ਰੇਰਕ): ਇੱਥੋਂ ਦੇ ਸ਼ਿਵਾਜੀ ਹਾਕੀ ਸਟੇਡੀਅਮ ਵਿੱਚ ਚੱਲ ਰਹੇ 38ਵੇਂ ਸਬ-ਜੂਨੀਅਰ ਹਾਕੀ ਮੁਕਾਬਲਿਆਂ ਦੇ ਲੀਗ ਮੁਕਾਬਲੇ ਵਿੱਚ ਚੰਡੀਗੜ੍ਹ ਤੇ ਪਟਿਆਲਾ ਦੀਆਂ ਟੀਮਾਂ ਦਰਮਿਆਨ ਖੇਡਿਆ ਗਿਆ ਮੈਚ 1-1 ਨਾਲ ਬਰਾਬਰ ਰਿਹਾ। ਚੰਡੀਗੜ੍ਹ ਦੇ ਸੈਕਟਰ-42 ਦੇ ਸਰਕਾਰੀ ਮਾਡਲ ਸਕੂਲ ਦੀ ਟੀਮ ਨੇ 19ਵੇਂ ਮਿੰਟ ਵਿੱਚ ਪੈਨੇਲਟੀ ਕਾਰਨਰ ਨਾਲ ਇੱਕ ਗੋਲ ਕੀਤਾ। ਪਟਿਆਲਾ ਦੀ ਰਿਤੂ ਰਾਣੀ ਹਾਕੀ ਅਕਾਦਮੀ ਦੀ ਟੀਮ ਨੇ 41ਵੇਂ ਮਿੰਟ ਵਿੱਚ ਮਿਲੇ ਪੈਨੇਲਟੀ ਸਟਰੋਕ ਨੂੰ ਗੋਲ ਵਿੱਚ ਤਬਦੀਲ ਕਰਕੇ 1-1 ਦੀ ਬਰਾਬਰੀ ਕਰ ਲਈ ਜੋ ਆਖ਼ੀਰ ਤੱਕ ਕਾਇਮ ਰਹੀ। ਦੂਜੇ ਮੁਕਾਬਲੇ ਵਿੱਚ ਜਮਸ਼ੇਦਪੁਰ ਦੀ ਨਵਲ ਟਾਟਾ ਅਕਾਦਮੀ ਦੀ ਟੀਮ ਨੇ ਉੜੀਸਾ ਦੀ ਨਿਗਮ ਸਕੂਲ, ਪਨਪੋਸ ਦੀ ਟੀਮ ਨੂੰ 3-0 ਨਾਲ ਹਰਾਇਆ। ਨਵਲ ਟਾਟਾ ਦੀ ਟੀਮ ਨੇ ਪੂਰੇ ਮੈਚ ਦੌਰਾਨ ਬੜ੍ਹਤ ਬਣਾਈ ਰੱਖੀ ਤੇ ਪਹਿਲੇ ਕੁਆਰਟਰ ਵਿੱਚ ਇੱਕ ਗੋਲ ਕੀਤਾ ਜਦੋਂ ਕਿ ਆਖ਼ਰੀ ਕੁਆਰਟਰ ਵਿੱਚ 2 ਗੋਲ ਕੀਤੇ ਜੋ ਇੱਕ ਪੈਨੇਲਟੀ ਕਾਰਨਰ ਨਾਲ ਕੀਤਾ ਗਿਆ ਤੇ 2 ਮੈਦਾਨੀ ਗੋਲ ਕੀਤੇ।ਭਲਕੇ ਸੁਰਜੀਤ ਹਾਕੀ ਅਕਾਦਮੀ ਦੀ ਟੀਮ ਦਾ ਮੁਕਾਬਲਾ ਐੱਨਸੀਸੀ ਨਾਲ ਤੇ ਜੀਬੀ ਹਾਈ ਸਕੂਲ, ਸਿਮਡੀਗਾ (ਝਾਰਖੰਡ) ਅਤੇ ਦਿੱਲੀ ਦੇ ਘੁੰਮਣਹੇੜਾ ਦਰਮਿਆਨ ਹੋਵੇਗਾ।