ਨਵੀਂ ਦਿੱਲੀ, 17 ਅਗਸਤ
ਸਟਾਰ ਜੈਵਲਿਨ ਥਰੋਅਰ ਨੀਰਜ ਚੋਪੜਾ ਨੂੰ ਪਾਣੀਪਤ ਨੇੜੇ ਆਪਣੇ ਪਿੰਡ ’ਚ ਰੱਖਿਆ ਗਿਆ ਸਵਾਗਤ ਸਮਾਗਮ ਥਕਾਨ ਤੇ ਬੁਖਾਰ ਕਾਰਨ ਵਿਚਾਲੇ ਛੱਡਣ ਲਈ ਮਜਬੂਰ ਹੋਣਾ ਪਿਆ। ਉਸ ਵੱਲੋਂ ਟੋਕੀਓ ਓਲੰਪਿਕ ’ਚ ਇਤਿਹਾਸਕ ਸੋਨ ਤਗਮਾ ਜਿੱਤਣ ਦੀ ਖੁਸ਼ੀ ’ਚ ਇਸ ਸਮਾਗਮ ਰੱਖਿਆ ਗਿਆ ਸੀ। ਨੀਰਜ ਚੋਪੜਾ ਅਥਲੈਟਿਕਸ ’ਚ ਭਾਰਤ ਦਾ ਪਹਿਲਾ ਓਲੰਪਿਕ ਤਗਮਾ ਜਿੱਤਣ ਤੋਂ ਬਾਅਦ ਪਿਛਲੇ ਸੋਮਵਾਰ ਹੀ ਵਤਨ ਮੁੜਿਆ ਹੈ। ਇਹ 23 ਸਾਲਾ ਖਿਡਾਰੀ ਇਸ ਤੋਂ ਬਾਅਦ ਕਈ ਸਮਾਗਮਾਂ ’ਚ ਸ਼ਾਮਲ ਹੋਇਆ ਜਿਸ ਕਾਰਨ ਉਸ ਨੂੰ ਆਰਾਮ ਨਹੀਂ ਮਿਲ ਸਕਿਆ।
ਚੋਪੜਾ ਦੇ ਇੱਕ ਕਰੀਬੀ ਸੂਤਰ ਨੇ ਦੱਸਿਆ ਕਿ ਚੰਗੇ ਆਰਾਮ ਤੋਂ ਬਾਅਦ ਉਸ ਦੀ ਸਿਹਤ ਠੀਕ ਹੋ ਜਾਣੀ ਚਾਹੀਦੀ ਹੈ। ਉਸ ਨੇ ਇਹਤਿਆਤ ਵਜੋਂ ਇਹ ਸਵਾਗਤੀ ਸਮਾਗਮ ਵਿਚਾਲੇ ਛੱਡ ਦਿੱਤਾ। ਉਹ ਅੱਜ ਪਾਣੀਪਤ ਤੋਂ ਤਕਰੀਬਨ 15 ਕਿਲੋਮੀਟਰ ਦੂਰ ਆਪਣੇ ਜੱਦੀ ਪਿੰਡ ਖੰਡਰਾ ਮੁੜਿਆ ਜਿੱਥੇ ਸਥਾਨਕ ਲੋਕਾਂ ਨੇ ਉਸ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ। ਸੂਤਰਾਂ ਨੇ ਦੱਸਿਆ, ‘ਜਦੋਂ ਉਸ ਦਾ ਕਾਫ਼ਲਾ ਸਮਾਗਮ ’ਚ ਪੁੱਜਾ ਤਾਂ ਉੱਥੇ ਵੱਡੀ ਗਿਣਤੀ ’ਚ ਲੋਕ ਪੁੱਜੇ ਹੋਏ ਸਨ। ਪ੍ਰੋਗਰਾਮ ਵਾਲੀ ਥਾਂ ਤੱਕ ਪਹੁੰਚਣ ’ਚ ਉਨ੍ਹਾਂ ਨੂੰ ਸਮਾਂ ਲੱਗ ਗਿਆ।’ ਸੂਤਰਾਂ ਅਨੁਸਾਰ ਸਮਾਗਮ ਵਿਚਾਲੇ ਹੀ ਨੀਰਜ ਥੱਕਿਆ ਹੋਇਆ ਮਹਿਸੂਸ ਕਰ ਰਿਹਾ ਸੀ ਤੇ ਉਸ ਨੂੰ ਹਲਕਾ ਬੁਖਾਰ ਹੋਣ ਲੱਗਾ। ਇਸ ਲਈ ਉਸ ਨੇ ਸਮਾਗਮ ਵਿਚਾਲੇ ਛੱਡ ਦਿੱਤਾ ਤੇ ਨੇੜਲੇ ਇੱਕ ਘਰ ’ਚ ਆਰਾਮ ਕੀਤਾ। -ਪੀਟੀਆਈ