ਲੁਸਾਨੇ, 1 ਜੁਲਾਈ
ਓਲੰਪਿਕ ਚੈਂਪੀਅਨ ਅਥਲੀਟ ਨੀਰਜ ਚੋਪੜਾ ਨੇ ਲੁਸਾਨੇ ਵਿੱਚ 87.66 ਮੀਟਰ ਦੀ ਦੂਰੀ ’ਤੇ ਨੇਜਾ ਸੁੱਟ ਕੇ ਲਗਾਤਾਰ ਦੂਜੀ ਵਾਰ ਡਾਇਮੰਡ ਲੀਗ ਦਾ ਖ਼ਿਤਾਬ ਜਿੱਤਿਆ ਹੈ। ਹਾਲਾਂਕਿ, ਸੱਟ ਕਾਰਨ ਲਗਪਗ ਇੱਕ ਮਹੀਨੇ ਖੇਡ ਤੋਂ ਦੂਰ ਰਿਹਾ ਨੀਰਜ 90 ਮੀਟਰ ਦੇ ਆਪਣੇ ਵਿਅਕਤੀਗਤ ਟੀਚੇ ਨੂੰ ਹਾਸਲ ਕਰਨ ਤੋਂ ਖੁੰਝ ਗਿਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕੇਂਦਰੀ ਖੇਡ ਮੰਤਰੀ ਅਨੁਰਾਗ ਠਾਕੁਰ ਅਤੇ ਓਲੰਪਿਕ ਸੋਨ ਤਗ਼ਮਾ ਜੇਤੂ ਨਿਸ਼ਾਨੇਬਾਜ਼ ਅਭਿਨਵ ਬਿੰਦਰਾ ਨੇ ਨੀਰਜ ਚੋਪੜਾ ਨੂੰ ਇਸ ਪ੍ਰਾਪਤੀ ਲਈ ਵਧਾਈ ਦਿੱਤੀ ਹੈ।
25 ਸਾਲ ਦੇ ਚੋਪੜਾ ਨੇ ਮਾਸਪੇਸ਼ੀਆਂ ਵਿੱਚ ਖਿਚਾਅ ਕਾਰਨ ਪਿਛਲੇ ਮਹੀਨੇ ਤਿੰਨ ਵੱਡੇ ਮੁਕਾਬਲਿਆਂ ਵਿੱਚ ਹਿੱਸਾ ਨਹੀਂ ਲਿਆ ਸੀ। ਉਸ ਨੇ 5 ਮਈ ਨੂੰ ਦੋਹਾ ਵਿੱਚ 88.67 ਮੀਟਰ ਦੀ ਦੂਰੀ ਤੱਕ ਨੇਜਾ ਸੁੱਟ ਕੇ ਡਾਇਮੰਡ ਲੀਗ ਜਿੱਤੀ ਸੀ। ਇਹ ਉਸ ਦੇ ਕਰੀਅਰ ਦਾ ਚੌਥਾ ਸਰਵੋਤਮ ਪ੍ਰਦਰਸ਼ਨ ਸੀ। ਚੋਪੜਾ ਆਮ ਤੌਰ ’ਤੇ ਸ਼ੁਰੂਆਤੀ ਗੇੜ ਵਿੱਚ ਸਰਵੋਤਮ ਪ੍ਰਦਰਸ਼ਨ ਕਰਦਾ ਹੈ, ਪਰ ਇੱਥੇ ਸਿਖਰਲਾ ਸਥਾਨ ਹਾਸਲ ਕਰਨ ਲਈ ਉਸ ਨੂੰ ਪੰਜਵੇਂ ਯਤਨ ਦੀ ਉਡੀਕ ਕਰਨੀ ਪਈ। ਚੌਥੇ ਗੇੜ ਦੀ ਸਮਾਪਤੀ ਤੱਕ ਉਹ ਦੂਸਰੇ ਸਥਾਨ ’ਤੇ ਸੀ।
ਨੀਰਜ ਨੇ ਖ਼ਿਤਾਬ ਜਿੱਤਣ ਮਗਰੋਂ ਕਿਹਾ, ‘‘ਸੱਟ ਮਗਰੋਂ ਵਾਪਸੀ ਕਰਨ ਕਾਰਨ ਮੈਂ ਥੋੜ੍ਹਾ ਘਬਰਾਇਆ ਹੋਇਆ ਸੀ। ਇੱਥੇ ਥੋੜ੍ਹੀ ਠੰਢ ਵੀ ਸੀ। ਮੈਂ ਹੁਣ ਵੀ ਆਪਣੇ ਸਰਵੋਤਮ ਤੋਂ ਦੂਰ ਹਾਂ, ਪਰ ਮੈਨੂੰ ਲਗਦਾ ਹੈ ਕਿ ਇਸ ਵਿੱਚ ਸੁਧਾਰ ਜਾਰੀ ਹੈ।’’ -ਪੀਟੀਆਈ