ਟੋਕੀਓ, 4 ਅਗਸਤ
ਭਾਰਤ ਦੇ ਸਟਾਰ ਅਥਲੀਟ ਨੀਰਜ ਚੋਪੜਾ ਨੇ ਟੋਕੀਓ ਓਲੰਪਿਕ ਦੇ ਜੈਵਲਿਨ ਥਰੋਅ (ਨੇਜ਼ਾ ਸੁੱਟਣ) ਮੁਕਾਬਲੇ ਦੇ ਕੁਆਲੀਫਾਈਂਗ ਗੇੜ ਵਿੱਚ ਅੱਜ ਸਿਖਰ ’ਤੇ ਰਹਿੰਦਿਆਂ ਫਾਈਨਲ ਵਿੱਚ ਥਾਂ ਪੱਕੀ ਕਰ ਲਈ। ਉਧਰ ਸ਼ਿਵਪਾਲ ਸਿੰਘ ਆਪਣੇ ਖ਼ਰਾਬ ਪ੍ਰਦਰਸ਼ਨ ਕਰਕੇ ਤਗ਼ਮੇ ਦੀ ਦੌੜ ’ਚੋਂ ਬਾਹਰ ਹੋ ਗਿਆ। ਫਾਈਨਲ 7 ਅਗਸਤ ਨੂੰ ਹੋਵੇਗਾ।
ਪਲੇਠਾ ਓਲੰਪਿਕ ਖੇਡ ਰਹੇ ਨੀਰਜ ਚੋਪੜਾ ਨੇ ਆਪਣੀ ਪਹਿਲੀ ਹੀ ਕੋਸ਼ਿਸ਼ ਵਿੱਚ ਨੇਜ਼ੇ ਨੂੰ 86.65 ਮੀਟਰ ਦੀ ਦੂਰੀ ’ਤੇ ਸੁੱਟ ਕੇ ਫਾਈਨਲ ਲਈ ਕੁਆਲੀਫਾਈ ਕਰ ਲਿਆ। ਕੁਆਲੀਫਾਈਂਗ ਮਾਰਕ ਹਾਲਾਂਕਿ 83.50 ਮੀਟਰ ਦਾ ਸੀ। ਭਾਰਤ ਲਈ ਤਗ਼ਮੇ ਦੇ ਪ੍ਰਬਲ ਦਾਅਵੇਦਾਰਾਂ ਵਿੱਚੋਂ ਚੋਪੜਾ ਇਕ ਹੈ। ਏਸ਼ਿਆਈ ਖੇਡਾਂ, ਰਾਸ਼ਟਰਮੰਡਲ ਖੇਡਾਂ ਤੇ ਏਸ਼ਿਆਈ ਚੈਂਪੀਅਨਸ਼ਿਪ ਵਿੱਚ ਸੋਨ ਤਗ਼ਮਾ ਜਿੱਤਣ ਵਾਲੇ ਚੋਪੜਾ ਨੇ ਅੱਜ ਆਪਣੀ ਪਹਿਲੀ ਹੀ ਕੋਸ਼ਿਸ਼ ਵਿੱਚ ਫਾਈਨਲ ਦਾ ਟਿਕਟ ਕਟਾਉਣ ਮਗਰੋਂ ਆਪਣੇ ਦੋ ਹੋਰ ਮੌਕਿਆਂ ਨੂੰ ਨਾ ਲੈਣ ਦਾ ਫੈਸਲਾ ਕੀਤਾ। ਕੁਆਲੀਫਾਈਂਗ ਗੇੜ ਦੌਰਾਨ ਕਿਸੇ ਵੀ ਜੈਵਲਿਨ ਥ੍ਰੋਅਰ ਨੂੰ ਤਿੰਨ ਮੌਕੇ ਮਿਲਦੇ ਹਨ, ਜਿਸ ਵਿੱਚ ਸਰਵੋਤਮ ਸਕੋਰ ਨੂੰ ਗਿਣਿਆ ਜਾਂਦਾ ਹੈ। ਸਾਬਕਾ ਵਿਸ਼ਵ ਜੂਨੀਅਰ ਚੈਂਪੀਅਨ ਚੋਪੜਾ ਗਰੁੱਪ ਏ ਤੇ ਗਰੁੱਪ ਬੀ ਵਿੱਚ 32 ਖਿਡਾਰੀਆਂ ’ਚੋਂ ਸਿਖਰ ’ਤੇ ਰਿਹਾ। ਚੋਪੜਾ ਦਾ ਨਿੱਜੀ ਤੇ ਸੀਜ਼ਨ ਦਾ ਸਰਵੋਤਮ ਪ੍ਰਦਰਸ਼ਨ 88.07 ਮੀਟਰ ਦਾ ਹੈ, ਜੋ ਉਸ ਨੇ ਮਾਰਚ 2021 ਵਿੱਚ ਪਟਿਆਲਾ ਵਿੱਚ ਇੰਡੀਅਨ ਗ੍ਰਾਂ ਪ੍ਰੀ 3 ਵਿੱਚ ਬਣਾਇਆ ਸੀ।
ਉਧਰ ਭਾਰਤੀ ਅਥਲੀਟ ਸ਼ਿਵਪਾਲ ਨੇ ਨਿਰਾਸ਼ ਕੀਤਾ। ਉਹ ਆਪਣੀ ਪਹਿਲੀ ਹੀ ਕੋਸ਼ਿਸ਼ ਵਿੱਚ 76.40 ਮੀਟਰ, ਦੂਜੀ ਵਿੱਚ 74.80 ਮੀਟਰ ਤੇ ਤੀਜੀ ਕੋਸ਼ਿਸ਼ ਵਿੱਚ 74.81 ਮੀਟਰ ਦਾ ਫਾਸਲਾ ਹੀ ਤੈਅ ਕਰ ਸਕਿਆ। ਗਰੁੱਪ ਬੀ ਵਿੱਚ 16 ਖਿਡਾਰੀਆਂ ਦਰਮਿਆਨ 12ਵੇਂ ਤੇ ਕੁੱਲ 27ਵੇਂ ਸਥਾਨ ’ਤੇ ਰਿਹਾ। ਸ਼ਿਵਪਾਲ 86.23 ਮੀਟਰ ਦੇ ਆਪਣੇ ਨਿੱਜੀ ਸਰਵੋਤਮ ਤੇ 81.63 ਮੀਟਰ ਦੇ ਸੀਜ਼ਨ ਦੇ ਸਰਵੋਤਮ ਪ੍ਰਦਰਸ਼ਨ ਦੇ ਨੇੜੇ ਤੇੜੇ ਵੀ ਨਹੀਂ ਪਹੁੰਚ ਸਕਿਆ। ਉਧਰ ਚੋਪੜਾ ਨੂੰ ਪਤਾ ਹੈ ਕਿ ਫਾਈਨਲ ਮੁਕਾਬਲਾ ਬਿਲਕੁਲ ਵੱਖਰਾ ਹੋਵੇਗਾ, ਜਿਸ ਵਿੱਚ ਵਿਸ਼ਵ ਦੇ ਸਰਵੋਤਮ ਖਿਡਾਰੀ ਖ਼ਿਤਾਬ ਲਈ ਚੁਣੌਤੀ ਪੇਸ਼ ਕਰਨਗੇ। ਚੋਪੜਾ ਟੋਕੀਓ ਖੇਡਾਂ ਵਿੱਚ ਖਿਤਾਬ ਦੇ ਪ੍ਰਬਲ ਦਾਅਵੇਦਾਰ ਜਰਮਨੀ ਦੇ ਯੋਹਾਨੇਸ ਵੇਟੇਰ 85.65 ਮੀਟਰ ਤੇ ਫਿਨਲੈਂਡ ਦਾ ਲੇਸੀ ਐਟਲੇਟਾਲੋ 84.50 ਮੀਟਰ ਨਾਲ ਕ੍ਰਮਵਾਰ ਦੂਜੇ ਤੇ ਤੀਜੇ ਸਥਾਨ ’ਤੇ ਰਹੇ। ਗਰੁੱਪ ਬੀ ਵਿੱਚ ਪਾਕਿਸਤਾਨ ਦਾ ਅਰਸ਼ਦ ਨਦੀਮ (85.16 ਮੀਟਰ), ਚੈੱਕ ਗਣਰਾਜ ਦਾ ਯਾਕੁਬ ਵਾਦਲੇਚ (84.93 ਮੀਟਰ) ਤੇ ਜਰਮਨੀ ਦਾ ਜੂਲੀਅਨ ਵੈਬਰ (84.41 ਮੀਟਰ) ਹੀ ਕੁਆਲੀਫਾਈਂਗ ਮਾਰਕ ਨੂੰ ਸਰ ਕਰਨ ਵਿੱਚ ਸਫ਼ਲ ਰਹੇ। -ਪੀਟੀਆਈ