ਬਰਮਿੰਘਮ, 31 ਜੁਲਾਈ
ਭਾਰਤੀ ਤੈਰਾਕ ਸ੍ਰੀਹਰੀ ਨਟਰਾਜ ਨੇ ਅੱਜ ਇੱਥੇ 25.52 ਸਕਿੰਟ ਦਾ ਸਮਾਂ ਕੱਢ ਕੇ 22ਵੇਂ ਰਾਸ਼ਟਰਮੰਡਲ ਖੇਡਾਂ ਦੇ ਪੁਰਸ਼ਾਂ ਦੇ 50 ਮੀਟਰ ਬੈਕਸਟ੍ਰੋਕ ਮੁਕਾਬਲੇ ਵਿਚ ਸੈਮੀਫਾਈਨਲ ਲਈ ਕੁਆਲੀਫਾਈ ਕਰ ਲਿਆ। ਬੰਗਲੁਰੂ ਦਾ ਇਹ 21 ਸਾਲਾ ਤੈਰਾਕ ਆਪਣੀ ਹੀਟ ਵਿਚ ਦੂਜੇ ਤੇ ਕੁੱਲ ਅੱਠਵੇਂ ਸਥਾਨ ਉਤੇ ਰਿਹਾ। ਪੁਰਸ਼ਾਂ ਦੇ 50 ਮੀਟਰ ਬੈਕਸਟ੍ਰੋਕ ਮੁਕਾਬਲੇ ਵਿਚ ਉਸ ਦਾ ਵਿਅਕਤੀਗਤ ਸਰਵੋਤਮ ਪ੍ਰਦਰਸ਼ਨ 24.40 ਸਕਿੰਟ ਦਾ ਹੈ ਜੋ ਉਸ ਨੇ ਪਿਛਲੇ ਸਾਲ ਯੂਏਈ ਵਿਚ ਹੋਈ 15ਵੀਂ ਫਿਨਾ ਵਿਸ਼ਵ ਤੈਰਾਕੀ ਚੈਂਪੀਅਨਸ਼ਿਪ ਦੌਰਾਨ ਹਾਸਲ ਕੀਤਾ ਸੀ। ਨਟਰਾਜ 100 ਮੀਟਰ ਬੈਕਸਟ੍ਰੋਕ ਮੁਕਾਬਲੇ ਵਿਚ ਸੱਤਵੇਂ ਸਥਾਨ ਉਤੇ ਰਿਹਾ ਸੀ। ਪੁਰਸ਼ਾਂ ਦੇ 200 ਮੀਟਰ ਬਟਰਫਲਾਈ ਮੁਕਾਬਲੇ ਵਿਚ ਸਾਜਨ ਪ੍ਰਕਾਸ਼ 1.58.99 ਸਕਿੰਟ ਨਾਲ ਚੌਥੇ ਸਥਾਨ ਉਤੇ ਰਹੇ ਤੇ ਉਨ੍ਹਾਂ ਨੂੰ ਰਿਜ਼ਰਵ ਸੂਚੀ ਵਿਚ ਰੱਖਿਆ ਗਿਆ। ਸਰਵੋਤਮ ਅੱਠ ਤੈਰਾਕ ਪੁਰਸ਼ਾਂ ਦੇ 200 ਮੀਟਰ ਬਟਰਫਲਾਈ ਮੁਕਾਬਲੇ ਦੇ ਫਾਈਨਲ ਵਿਚ ਥਾਂ ਬਣਾਉਣਗੇ। ਪ੍ਰਕਾਸ਼ ਤੇ ਆਸਟਰੇਲੀਆ ਦੇ ਤੈਰਾਕ ਨੇ ਇਕ ਬਰਾਬਰ ਸਮਾਂ ਕੱਢਿਆ ਜਿਸ ਤੋਂ ਬਾਅਦ ‘ਸਵਿਮ ਆਫ’ ਹੋਇਆ। -ਪੀਟੀਆਈ