ਪੈਰਿਸ: ਭਾਰਤ ਦਾ ਮੁੱਖ ਟੈਨਿਸ ਖਿਡਾਰੀ ਸੁਮਿਤ ਨਾਗਲ ਵੀ ਫਰੈਂਚ ਓਪਨ ਕੁਆਲੀਫਾਇਰਜ਼ ਦੇ ਦੂਜੇ ਦੌਰ ’ਚ ਹਾਰ ਕਾਰਨ ਇਸ ਗਰੈਂਡ ਸਲੈਮ ਟੂਰਨਾਮੈਂਟ ਦੇ ਮੁੱਖ ਕੁਆਲੀਫਾਇਰ ’ਚ ਜਗ੍ਹਾ ਨਹੀਂ ਬਣਾ ਸਕਿਆ। ਹਰਿਆਣਾ ਨਾਲ ਸਬੰਧਤ ਇਸ ਖਿਡਾਰੀ ਨੂੰ ਟੂਰਨਾਮੈਂਟ ਦੇ ਕੁਆਲੀਫਾਇੰਗ ਮੁਕਾਬਲੇ ’ਚ ਬੁੱਧਵਾਰ ਰਾਤ ਚਿੱਲੀ ਦੇ ਅਲੇਜਾਂਦਰੋ ਤਾਬਿਲੋ ਹੱਥੋਂ 3-6, 3-6 ਨਾਲ ਹਾਰ ਮਿਲੀ। ਨਾਗਲ ਦੀ ਹਾਰ ਨਾਲ ਭਾਰਤ ਦੀ ਕੁਆਲੀਫਾਈ ਮੁਹਿੰਮ ਵੀ ਖ਼ਤਮ ਹੋ ਗਈ ਹੈ। ਰਾਮਕੁਮਾਰ ਰਾਮਾਨਾਥਨ, ਪ੍ਰਜਨੇਸ਼ ਗੁਨੇਸਵਰਨ ਅਤੇ ਅੰਕਿਤਾ ਰੈਣਾ ਪਹਿਲਾਂ ਹੀ ਟੂਰਨਾਮੈਂਟ ’ਚੋਂ ਬਾਹਰ ਹੋ ਚੁੱਕੇ ਹਨ। ਰੋਹਨ ਬੋਪੰਨਾ ਅਤੇ ਦਿਵਿਜ ਸ਼ਰਨ ਹੁਣ ਫਰੈਂਚ ਓਪਨ ’ਚ ਪੁਰਸ਼ਾਂ ਦੇ ਡਬਲਜ਼ ਵਰਗ ’ਚ ਮੁੱਖ ਡਰਾਅ ’ਚ ਭਾਰਤ ਦੀ ਨੁਮਾਇੰਦਗੀ ਕਰਨਗੇ। ਇਹ ਟੂਰਨਾਮੈਂਟ ਇਨ੍ਹਾਂ ਦੋਵਾਂ ਖ਼ਿਡਾਰੀਆਂ ਲਈ ਟੋਕੀਓ ਓਲੰਪਿਕ ਦੇ ਲਿਹਾਜ਼ ਤੋਂ ਵੀ ਅਹਿਮ ਹੈ। -ਪੀਟੀਆਈ