ਸਤਵਿੰਦਰ ਬਸਰਾ
ਲੁਧਿਆਣਾ, 30 ਅਕਤੂਬਰ
ਸ਼ਹੀਦ ਭਗਤ ਸਿੰਘ ਮਾਰਨਿੰਗ ਵਾਕਰ ਕਲੱਬ ਵੱਲੋਂ ਅੱਜ ਮੈਰਾਥਨ ਕਰਵਾਈ ਗਈ ਜਿਸ ਵਿੱਚ ਵੱਖ ਵੱਖ ਉਮਰ ਵਰਗ ਦੇ ਲੋਕ ਸ਼ਾਮਲ ਹੋਏ। ਕਲੱਬ ਦੇ ਪ੍ਰਧਾਨ ਇੰਦਰਜੀਤ ਸਿੰਘ ਰਾਏਪੁਰ ਅਤੇ ਜਨਰਲ ਸਕੱਤਰ ਮਨਿੰਦਰ ਸਿੰਘ ਥਿੰਦ ਨੇ ਦੱਸਿਆ ਕਿ ਹਾਫ ਮੈਰਾਥਨ ਵਿੱਚ 21 ਤੇ 10 ਕਿਲੋਮੀਟਰ ਤੋਂ ਇਲਾਵਾ 3 ਕਿਲੋਮੀਟਰ ਦੀ ਫਨ ਦੌੜ ਵੀ ਕਰਵਾਈ ਗਈ। ਕਲੱਬ ਦੇ ਅਹੁਦੇਦਾਰਾਂ ਅਰੁਨ ਕੁਮਾਰ, ਮਨੀ ਗਰੇਵਾਲ, ਸੰਨੀ ਦਾਦ, ਮਨਜੀਤ ਸਿੰਘ ਲਾਂਬਾ ਨੇ ਦੱਸਿਆ ਕਿ ਇਹ ਦੌੜ ਸ਼ਹੀਦ ਭਗਤ ਸਿੰਘ ਨਗਰ ਦੀ ਪੁਲੀਸ ਚੌਕੀ ਨੇੜਿਓਂ ਸ਼ੁਰੂ ਹੋਈ। ਇਸ ਮਗਰੋਂ ਪੱਖੋਵਾਲ ਰੋਡ ਨਹਿਰ ਤੱਕ ਹੋ ਕਿ ਸਿਟੀ ਸੈਂਟਰ, ਫੁੱਲਾਂਵਾਲ ਚੌਕ, ਦੁੱਗਰੀ-ਧਾਂਦਰਾ ਰੋਡ ਹੋ ਕੇ ਲੋਧੀ ਕਲੱਬ ਰੋਡ ਫਿਰੋਜ਼ਪੁਰ ਤੋਂ ਹੁੰਦੀ ਹੋਈ ਵਾਪਸ ਆਈ। ਜੇਤੂਆਂ ਨੂੰ ਸਰਟੀਫਿਕੇਟ ਤੇ ਤਗਮਿਆਂ ਨਾਲ ਸਨਮਾਨਿਆ ਗਿਆ।
ਐੱਸਬੀਐੱਸ ਹਾਫ ਮੈਰਾਥਨ ਵਿੱਚ ਔਰਤਾਂ (15 ਤੋਂ 35 ਸਾਲ) ਦੀ 10 ਕਿਲੋਮੀਟਰ ਦੌੜ ਵਿੱਚੋਂ ਜਸਵੀਰ ਕੌਰ ਨੇ ਪਹਿਲਾ, ਅਨੂ ਤੋਮਰ ਨੇ ਦੂਜਾ ਸਥਾਨ ਜਦੋਂਕਿ ਮੋਨਿਕਾ ਤੋਮਰ ਤੀਜੇ ਥਾਂ ’ਤੇ ਰਹੀ। ਔਰਤਾਂ (35 ਤੋਂ 45 ਸਾਲ) ਵਿੱਚੋਂ ਸਮਰੁਤੀ ਨੇ ਪਹਿਲਾ, ਕਰੁਨਾ ਨੇ ਦੂਜਾ ਜਦਕਿ ਮਨਵਿੰਦਰ ਕੌਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ।
ਮਰਦਾਂ (15 ਤੋਂ 35 ਸਾਲ) ਦੀ 10 ਕਿਲੋਮੀਟਰ ਦੌੜ ਵਿੱਚੋਂ ਧਰਮਿੰਦਰ, (35 ਤੋਂ 45 ਸਾਲ) ਵਰਗ ਵਿੱਚ ਜਵੇਸ਼ ਕੁਮਾਰ, (45 ਤੋਂ 55 ਸਾਲ) ਵਰਗ ਵਿੱਚ ਸੁਨੀਲ ਸ਼ਰਮਾ ਜਦੋਂਕਿ 55 ਸਾਲ ਤੋਂ ਉਪਰ ਉਮਰ ਵਰਗ ਵਿੱਚੋਂ ਅਮਰ ਸਿੰਘ ਪਹਿਲੇ ਸਥਾਨ ’ਤੇ ਆਏ। ਮਰਦਾਂ (15 ਤੋਂ 35 ਸਾਲ) ਦੀ 21 ਕਿਲੋਮੀਟਰ ਦੌੜ ਵਿੱਚੋਂ ਰਾਹੁਲ ਸਿੰਘ, ਅਨੁਰਾਗ ਹੁੰਦਲ ਅਤੇ ਸ਼ੁਭਮ ਮਿਸ਼ਰਾ ਨੇ ਪਹਿਲੀਆਂ ਤਿੰਨ ਪੁਜੀਸ਼ਨਾਂ ਹਾਸਲ ਕੀਤੀਆਂ।