ਨਿੱਜੀ ਪੱਤਰ ਪ੍ਰੇਰਕ
ਮੰਡੀ ਗੋਬਿੰਦਗੜ੍ਹ, 2 ਸਤੰਬਰ
ਮਿਕਸਡ ਮਾਰਸ਼ਲ ਆਰਟ ਸਕੂਲ ’ਚ ਲਾਇਨਜ਼ ਕਲੱਬ ਮੰਡੀ ਗੋਬਿੰਦਗੜ੍ਹ ਗਰੇਟਰ ਵੱਲੋਂ ਕੌਮਾਂਤਰੀ ਪੈਨਚਕ ਸਿਲਾਟ ਖਿਡਾਰੀਆਂ ਨੂੰ ਸਨਮਾਨਿਤ ਕੀਤਾ ਗਿਆ। ਪੈਨਕਾਕ ਸਿਲਾਤ ਟੂਰਨਾਮੈਂਟ ’ਚ ਕੋਚ ਨੀਰਜ ਸ਼ਰਮਾ ਦੀ ਅਗਵਾਈ ਵਿਚ ਭਾਰਤ ਦੀ ਤਰਜਮਾਨੀ ਕਰਨ ਵਾਲੇ 13 ਖਿਡਾਰੀਆਂ ਦਾ ਕਲੱਬ ਵੱਲੋਂ ਮਾਣ ਵਧਾਇਆ ਗਿਆ, ਜਿਨ੍ਹਾਂ ਨੇ ਭਾਰਤ ਲਈ 20 ਮੈਡਲ ਜਿੱਤ ਕੇ ਮਾਣ ਹਾਸਲ ਕੀਤਾ ਹੈ। ਇਨਾਮ ਵੰਡਣ ਦੀ ਰਸਮ ਅਦਾ ਕਰਨ ਲਈ ਲਾਇਨਜ਼ ਕਲੱਬ ਦੇ ਪ੍ਰਧਾਨ ਮੋਹਨ ਗੁਪਤਾ ਉਚੇਚੇ ਤੌਰ ’ਤੇ ਪਹੁੰਚੇ ਅਤੇ ਪੈਨਕਾਕ ਸਿਲਾਤ ਟੂਰਨਾਮੈਂਟ ’ਚ ਜਿੱਤ ਪ੍ਰਾਪਤ ਕਰ ਕੇ ਤਾਂਬੇ ਦਾ ਤਗਮਾ ਜਿੱਤਣ ਵਾਲੀ ਖਿਡਾਰੀ ਅੰਜੂ, ਮਨੀਸ਼ਾ, ਅਮਨਦੀਪ ਕੌਰ, ਇਨਾਇਆ ਗੁਪਤਾ, ਸ਼ਵੇਤਾ, ਲਵਲੀ ਅਤੇ ਲੜਕਿਆਂ ਵਿਚ ਨਿਤੇਸ਼ ਕੁਮਾਰ, ਗੁਰਅਰਮਾਨ ਸਿੰਘ, ਹਰਨਿਮਰਤ ਸਿੰਘ, ਸੂਰਜ ਸਿੰਘ, ਸਾਹਿਲ ਗੁਪਤਾ, ਚਿਰਾਗ ਗੁਪਤਾ, ਸ਼ੌਰਿਆ ਗੁਪਤਾ ਨੂੰ ਸਨਮਾਨ ਚਿੰਨ੍ਹ ਅਤੇ ਪ੍ਰਮਾਣ ਪੱਤਰ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਕਲੱਬ ਦੇ ਚੇਅਰਮੈਨ ਦਰਸ਼ਨ ਮੁਟਿਆਰ, ਖਜ਼ਾਨਚੀ ਤਰੁਣ ਬਾਂਸਲ ਨੇ ਖਿਡਾਰੀਆਂ ਨੂੰ ਵਧਾਈ ਦਿੱਤੀ ਤੇ ਸ਼ੁਭਕਾਮਨਾਵਾਂ ਭੇਟ ਕੀਤੀਆਂ।