ਨਵੀਂ ਦਿੱਲੀ: ਭਾਰਤੀ ਫੁਟਬਾਲ ਗੋਲਕੀਪਰ ਗੁਰਪ੍ਰੀਤ ਸਿੰਘ ਬ੍ਰਾਜ਼ੀਲ ਦੇ ਐਲੀਸਨ ਬੈੱਕਰ ਵਾਂਗ ਹੈੱਡਰ ਲਗਾਉਣਾ ਸਿੱਖਣਾ ਚਾਹੁੰਦਾ ਹੈ। ਲਿਵਰਪੂਲ ਦੇ ਬ੍ਰਾਜ਼ੀਲੀਅਨ ਗੋਲਕੀਪਰ ਐਲੀਸਨ ਵੱਲੋਂ ਦੂਸਰੇ ਅੱਧ ਵਿੱਚ ਲਾਏ ਗਏ ਖੂਬਸੂਰਤ ਹੈੱਡਰ ਨਾਲ ਉਸ ਦੀ ਟੀਮ ਨੇ ਵੈੱਸਟ ਬ੍ਰੋਮਵਿਜ ਨੂੰ 2-1 ਨਾਲ ਮਾਤ ਦਿੱਤੀ। ਮੈਚ ਦੇ ਆਖਰੀ ਪਲਾਂ ਵਿੱਚ ਗੋਲਕੀਪਰਾਂ ਦਾ ਇਸ ਤਰ੍ਹਾਂ ਗੋਲ ਕਰਨਾ ਬਹੁਤ ਘੱਟ ਦੇਖਣ ਨੂੰ ਮਿਲਦਾ ਹੈ। ਇਸ ਬਾਰੇ ਗੁਰਪ੍ਰੀਤ ਨੇ ਕਿਹਾ, ‘‘ਮੈਂ ਉਸ (ਬੈੱਕਰ) ਦਾ ਹੈੱਡਰ ਵਾਰ-ਵਾਰ ਦੇਖ ਰਿਹਾ ਹਾਂ। ਫੁਟਬਾਲ ਸਹੀ ਜਗ੍ਹਾ ’ਤੇ ਪਹੁੰਚਿਆ ਅਤੇ ਉਸ ਨੇ ਬੜੀ ਖੂਬਸੂਰਤੀ ਨਾਲ ਗੋਲ ਕੀਤਾ। ਬਹੁਤ ਸ਼ਾਨਦਾਰ ਹੈੱਡਰ ਸੀ। ਪਰ ਜੇ ਉਹ ਲਗਾਤਾਰ ਇਸ ਦਾ ਅਭਿਆਸ ਕਰ ਰਿਹਾ ਹੈ ਤਾਂ ਸਾਨੂੰ ਮੰਨਣਾ ਪਵੇਗਾ ਕਿ ਇਹ ਵਿਸ਼ੇਸ਼ ਹੈ।’’ ਉਸ ਨੇ ਕਿਹਾ, ‘‘ਮੈਂ ਅਜਿਹਾ ਕਰਨ ਲਈ ਕਾਹਲਾ ਨਹੀਂ ਹਾਂ। ਮੈਂ ਆਪਣੇ ਕਲੱਬ ਬੰਗਲੁਰੂ ਐੱਫਸੀ ਲਈ ਕਈ ਮੌਕਿਆਂ ’ਤੇ ਇੰਝ ਹਮਲਾ ਕਰਨਾ ਲਈ ਅੱਗੇ ਵਧਿਆ ਸੀ। ਉਸ ਤੋਂ ਪਹਿਲਾਂ ਵਾਲੇ ਕਲੱਬ ਲਈ ਵੀ ਮੈਂ ਅਜਿਹਾ ਕੀਤਾ ਸੀ। ਕੀ ਪਤਾ ਕਦੋਂ ਟੀਮ ਨੂੰ ਇਸ ਦੀ ਜ਼ਰੂਰਤ ਪੈ ਜਾਵੇ। ਹਾਲ ਦੀ ਘੜੀ ਮੈਂ ਇਸ ਨੂੰ ਸੁਨੀਲ ਛੇਤਰੀ ਲਈ ਛੱਡਣਾ ਪਸੰਦ ਕਰਾਂਗਾ। ਉਹ ਇਸ ਮਾਮਲੇ ’ਚ ਮੇਰੇ ਤੋਂ ਕਿਤੇ ਜ਼ਿਆਦਾ ਬਿਹਤਰ ਹੈ। ਮੈਨੂੰ ਹੈਡੱਰ ’ਤੇ ਕੰਮ ਕਰਨਾ ਪਵੇਗਾ।’’ -ਪੀਟੀਆਈ