ਨਿੱਜੀ ਪੱਤਰ ਪ੍ਰੇਰਕ/ ਖੇਤਰੀ ਪ੍ਰਤੀਨਿਧ
ਧੂਰੀ, 6 ਅਕਤੂਬਰ
ਬਾਬਾ ਅਟੱਲ ਰਾਏ ਸਪੋਰਟਸ ਐਂਡ ਵੈੱਲਫੇਅਰ ਕਲੱਬ ਧੂਰੀ ਵੱਲੋਂ ਪ੍ਰਧਾਨ ਸਾਬਕਾ ਸਰਪੰਚ ਬਲਦੇਵ ਸਿੰਘ ਮਾਨ ਧੂਰੀ ਪਿੰਡ ਦੀ ਅਗਵਾਈ ਹੇਠ ਸਥਾਨਕ ਨਵੀਂ ਆਨਾਜ ਮੰਡੀ ਵਿੱਚ ਕਰਵਾਇਆ ਗਿਆ ਇੱਕ ਦਿਨਾਂ ਕਬੱਡੀ ਖੇਡ ਮੇਲਾ ਧੂਮ ਧਾਮ ਨਾਲ ਸਮਾਪਤ ਹੋਇਆ। ਖੇਡ ਮੇਲੇ ਦਾ ਉਦਘਾਟਨ ਆਮ ਆਦਮੀ ਪਾਰਟੀ ਦੇ ਸਪੋਰਟਸ ਵਿੰਗ ਦੇ ਸੂਬਾ ਸੰਯੁਕਤ ਸਕੱਤਰ ਰਾਜਵੰਤ ਸਿੰਘ ਘੁੱਲੀ ਨੇ ਕੀਤਾ। ਕਲੱਬ ਦੇ ਜਨਰਲ ਸਕੱਤਰ ਮਾਣਾ ਗਰੇਵਾਲ ਨੇ ਦੱਸਿਆ ਕਿ ਖੇਡ ਮੇਲੇ ਦੌਰਾਨ ਜਿੱਥੇ ਇੱਕ ਪਿੰਡ ਓਪਨ ਕਬੱਡੀ ਦੀਆਂ 17 ਟੀਮਾਂ ਨੇ ਭਾਗ ਲਿਆ ਉਥੇ ਕੁੜੀਆਂ ਦੀ ਕਬੱਡੀ ਦਰਸਕਾਂ ਲਈ ਖਿੱਚ ਦਾ ਕੇਂਦਰ ਰਹੀ। ਕਬੱਡੀ ਮੁਕਾਬਲਿਆਂ ’ਚ ਕੁੱਪ ਖੁਰਦ ਦੀ ਕਬੱਡੀ ਟੀਮ ਨੇ ਪਿੰਡ ਦੁੱਗਾਂ ਦੀ ਟੀਮ ਨੂੰ ਹਰਾ ਕੇ 41 ਹਜ਼ਾਰ ਰੁਪਏ ਦਾ ਪਹਿਲਾ ਇਨਾਮ ਜਿੱਤਿਆ ਜਦੋਂ ਕਿ ਦੂਜੇ ਨੰਬਰ ’ਤੇ ਰਹੀ ਦੁੱਗਾਂ ਦੀ ਟੀਮ ਨੇ 31 ਹਜ਼ਾਰ ਰੁਪਏ ਦਾ ਇਨਾਮ ਪ੍ਰਾਪਤ ਕੀਤਾ। ਕਬੱਡੀ ਖਿਡਾਰੀ ਜੱਗੀ ਦੁੱਗਾਂ ਨੂੰ ਬੈਸਟ ਰੇਡਰ ਅਤੇ ਦਿਲਬਰ ਕੁੱਪ ਨੂੰ ਬੈਸਟ ਜਾਫੀ ਵਜੋਂ ਪ੍ਰਬੰਧਕਾਂ ਨੇ 31/31 ਸੌ ਰੁਪਏ ਦੇ ਇਨਾਮ ਨਾਲ ਸਨਮਾਨਿਤ ਕੀਤਾ।