ਪੱਤਰ ਪ੍ਰੇਰਕ
ਕੁਰਾਲੀ, 14 ਸਤੰਬਰ
ਖਿਜ਼ਰਾਬਾਦ ਦੀ ਛਿੰਝ ਕਮੇਟੀ ਵਲੋਂ ਗ੍ਰਾਮ ਪੰਚਾਇਤ ਅਤੇ ਸਮੂਹ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਦੋ ਰੋਜ਼ਾ ਛਿੰਝ ਕਰਵਾਈ ਗਈ। ਸਤਨਾਮ ਸਿੰਘ ਦੀ ਦੇਖਰੇਖ ਹੇਠ ਹੋਈ ਛਿੰਝ ਦਾ ਉਦਘਾਟਨ ਸਾਬਕਾ ਮੰਤਰੀ ਜਗਮੋਹਨ ਸਿੰਘ ਕੰਗ ਨੇ ਕੀਤਾ ਜਦਕਿ ਸੰਸਦ ਮੈਂਬਰ ਮਨੀਸ਼ ਤਿਵਾੜੀ ਨੇ ਮੁੱਖ ਮਹਿਮਾਨ ਵਜੋਂ ਹਾਜ਼ਰੀ ਲਵਾਈ। 80 ਕਿਲੋਗ੍ਰਾਮ ਭਾਰ ਵਰਗ ਵਿੱਚ ਪ੍ਰਤੀਕ ਜ਼ੀਰਕਪੁਰ ਨੇ ਸਚਿਨ ਚੰਡੀਗੜ੍ਹ ਨੂੰ ਹਰਾ ਕੇ ‘ਖਿਜ਼ਰਾਬਾਦ ਗੌਰਵ’ ਦਾ ਖ਼ਿਤਾਬ ਜਿੱਤਿਆ। 90 ਕਿਲੋ ਵਿੱਚ ਵਿਕਾਸ ਕੁਮਾਰ, ਜਦਕਿ 100 ਕਿਲੋ ਵਿੱਚ ਜਸਪੂਰਨ ਮੁੱਲਾਂਪੁਰ ਜੇਤੂ ਰਹੇ। ਦੂਜੇ ਦਿਨ ਦਾ ਉਦਘਾਟਨ ਐੱਸਜੀਪੀਸੀ ਮੈਂਬਰਾਂ ਅਜਮੇਰ ਸਿੰਘ ਖੇੜਾ ਤੇ ਚਰਨਜੀਤ ਸਿੰਘ ਕਾਲੇਵਾਲ ਨੇ ਕੀਤਾ। ਢਾਈ ਲੱਖ ਰੁਪਏ ਦੇ ਇਨਾਮ ਵਾਲੀ ਝੰਡੀ ਦੀ ਕੁਸ਼ਤੀ ਪ੍ਰਿਤਪਾਲ ਫਗਵਾੜਾ ਅਤੇ ਸਿਕੰਦਰ ਸ਼ੇਖ ਮਹਾਂਰਾਸ਼ਟਰ ਵਿਚਕਾਰ ਹੋਈ, ਜੋ ਅੰਕਾਂ ਦੇ ਆਧਾਰ ’ਤੇ ਪ੍ਰਿਤਪਾਲ ਨੇ ਆਪਣੇ ਨਾਂ ਕੀਤੀ। ਡੇਢ ਲੱਖ ਰੁਪਏ ਦੇ ਇਨਾਮ ਵਾਲੀ ਦੋ ਨੰਬਰ ਕੁਸ਼ਤੀ ਭੁਪਿੰਦਰ ਅਜਨਾਲਾ ਨੇ ਜਿੱਤੀ। ਇਸ ਮੌਕੇ ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਉਨ੍ਹਾਂ ਨੇ ਪਿੰਡ ਦੀਆਂ ਦੋਵਾਂ ਪੰਚਾਇਤਾਂ ਨੂੰ ਵਿਕਾਸ ਕਾਰਜਾਂ ਲਈ ਛੇ-ਛੇ ਲੱਖ, ਜਦਕਿ ਛਿੰਝ ਕਮੇਟੀ ਨੂੰ ਇੱਕ ਲੱਖ ਰੁਪਏ ਦੀ ਗਰਾਂਟ ਦੇਣ ਦਾ ਐਲਾਨ ਕੀਤਾ।