ਇਕਬਾਲ ਸਿੰਘ ਸ਼ਾਂਤ
ਲੰਬੀ, 31 ਜੁਲਾਈ
ਲੰਬੀ ਹਲਕੇ ਦੇ ਪਿੰਡ ਕਬਰਵਾਲਾ ਦੀ ਖਿਡਾਰਨ ਕਮਲਪ੍ਰੀਤ ਕੌਰ ਬੱਲ ਨੇ ਟੋਕੀਓ ਓਲੰਪਿਕਸ ਦੇ ਡਿਸਕਸ ਥ੍ਰੋਅ ’ਚ ਫਾਈਨਲ ਵਿੱਚ ਦਾਖਲਾ ਪਾ ਕੇ ਦੇਸ਼ ਦੇ ਪੰਜਾਬ ਦਾ ਮਾਣ ਵਧਾ ਦਿੱਤਾ ਹੈ। ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕਮਲਪ੍ਰੀਤ ਕੌਰ ਬੱਲ ਦੇ ਖੇਡ ਪ੍ਰਦਰਸ਼ਨ ਨੂੰ ਪਿੰਡ ਬਾਦਲ ਰਿਹਾਇਸ਼ ਤੋਂ ਟੈਲੀਵਿਜ਼ਨ ਰਾਹੀਂ ਵੇਖਿਆ। ਉਸ ਦੀ ਪ੍ਰਾਪਤੀ ’ਤੇ ਖੁਸ਼ੀ ਜਾਹਰ ਕਰਦੇ ਸ੍ਰੀ ਬਾਦਲ ਨੇ ਹੱਲਾਸ਼ੇਰੀ ਭਰੀ ਆਸ ਪ੍ਰਗਟਾਈ ਕਿ ਕਮਲਪ੍ਰੀਤ ਕੌਰ ਬੱਲ ਓਲੰਪਿਕ ਵਿੱਚੋਂ ਤਮਗਾ ਜਿੱਤ ਕੇ ਭਾਰਤ ਅਤੇ ਲੰਬੀ ਹਲਕੇ ਦਾ ਮਾਣ ਅਤੇ ਸ਼ਾਨ ਵਧਾਏਗੀ। ਸ੍ਰੀ ਬਾਦਲ ਨੇ ਓਐੱਸਡੀ ਗੁਰਚਰਨ ਸਿੰਘ ਅਤੇ ਅਕਾਲੀ ਆਗੂ ਪਰਮਿੰਦਰ ਸਿੰਘ ਕੋਲਿਆਂਵਾਲੀ ਖਿਡਾਰੀ ਕਮਲਪ੍ਰੀਤ ਕੌਰ ਦੇ ਪਰਿਵਾਰ ਨੂੰ ਵਧਾਈ ਦੇਣ ਲਈ ਕਬਰਵਾਲਾ ਭੇਜਿਆ ਅਤੇ ਖੁਦ ਕਮਲਪ੍ਰੀਤ ਦੇ ਪਿਤਾ ਕੁਲਦੀਪ ਸਿੰਘ ਨਾਲ ਮੋਬਾਇਲ ’ਤੇ ਗੱਲ ਕਰਕੇ ਉਨ੍ਹਾਂ ਨੂੰ ਵਧਾਈ ਦਿੱਤੀ।