ਪੱਤਰ ਪ੍ਰੇਰਕ
ਮਾਛੀਵਾੜਾ, 30 ਅਕਤੂਬਰ
ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵੱਲੋਂ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਫਾਰ ਵਿਮੈਨ ਝਾੜ ਸਾਹਿਬ ਵਿਚ ਕਰਵਾਏ ਜਾ ਰਹੇ ਚਾਰ ਰੋਜ਼ਾ ਇੰਟਰ ਕਾਲਜ ਕਬੱਡੀ (ਨੈਸ਼ਨਲ ਸਟਾਈਲ) ਟੂਰਨਾਮੈਂਟ (ਲੜਕੀਆਂ) ਦੇ ਅੰਤਿਮ ਦਿਨ ਦੀ ਸ਼ੁਰੂਆਤ ਵਿੱਚ ਕਾਲਜ ਪ੍ਰਿੰਸੀਪਲ ਡਾ. ਰਜਿੰਦਰ ਕੌਰ ਨੇ ਟੂਰਨਾਮੈਂਟ ਵਿਚ ਪਹੁੰਚੇ ਮੁੱਖ ਮਹਿਮਾਨ ਸਣੇ ਹੋਰ ਅਧਿਕਾਰੀਆਂ ਸਣੇ ਕਾਲਜਾਂ ਦੇ ਅਧਿਆਪਕਾਂ ਅਤੇ ਖਿਡਾਰਨਾਂ ਦੇ ਸੁਆਗਤ ਨਾਲ ਕੀਤੀ।
ਅੰਤਿਮ ਦਿਨ ਦੇ ਮੈਚ ਵਿਚ ਦੇਵ ਸਮਾਜ ਕਾਲਜ ਫਾਰ ਵਿਮੈਨ ਸੈਕਟਰ-45 ਚੰਡੀਗੜ੍ਹ ਨੇ ਪਹਿਲੇ ਜਦੋਂਕਿ ਦੂਜੇ ਤੇ ਤੀਜੇ ਸਥਾਨ ’ਤੇ ਕ੍ਰਮਵਾਰ ਐਮਸੀਐਮਡੀਏਵੀ ਕਾਲਜ ਸੈਕਟਰ-36 ਚੰਡੀਗੜ੍ਹ, ਦੇਵ ਸਮਾਜ ਕਾਲਜ ਫਾਰ ਵਿਮੈਨ ਫਿਰੋਜ਼ਪੁਰ ਰਹੇ। ਜੇਤੂ ਰਹੀਆਂ ਟੀਮਾਂ ਨੂੰ ਮੁੱਖ ਮਹਿਮਾਨ ਪਰਮਜੀਤ ਸਿੰਘ ਢਿੱਲੋਂ ਸਣੇ ਹੋਰ ਅਧਿਕਾਰੀਆਂ ਨੇ ਤਗ਼ਮਿਆਂ ਨਾਲ ਸਨਮਾਨਿਆ। ਉਨ੍ਹਾਂ ਨੇ 51,000 ਰੁਪਏ ਦੀ ਰਕਮ ਕਾਲਜ ਨੂੰ ਸਹਾਇਤਾ ਵਜੋਂ ਦਿੱਤੀ। ਪ੍ਰਿੰਸੀਪਲ ਅਤੇ ਕਾਲਜ ਦੀ ਲੋਕਲ ਮੈਨੇਜਿੰਗ ਕਮੇਟੀ ਵੱਲੋਂ ਪਰਮਜੀਤ ਸਿੰਘ ਢਿੱਲੋਂ, ਡਾ. ਰਾਕੇਸ਼ ਮਲਿਕ, ਪ੍ਰਿੰ. ਇਕਬਾਲ ਸਿੰਘ ਸੰਧੂ, ਸੀਨੀ. ਅਸਿ. ਡਾਇਰੈਕਟੋਰੇਟ ਆਫ਼ ਸਪੋਰਟਸ ਹੰਸ ਰਾਜ ਅਤੇ ਇੰਚਾਰਜ ਗੁਰਦੁਆਰਾ ਸ੍ਰੀ ਝਾੜ ਸਾਹਿਬ ਗੁਰਜੀਤ ਸਿੰਘ ਨੂੰ ਸਨਮਾਨਿਤ ਕੀਤਾ ਗਿਆ।