ਭੁਬਨੇਸ਼ਵਰ, 3 ਦਸੰਬਰ
ਇਥੋਂ ਦੇ ਕਲਿੰਗਾ ਸਟੇਡੀਅਮ ਵਿੱਚ ਖੇਡੇ ਜਾ ਰਹੇ ਜੂਨੀਅਰ ਹਾਕੀ ਵਿਸ਼ਵ ਕੱਪ ਦੇ ਸੈਮੀਫਾਈਨਲ ਮੁਕਾਬਲੇ ਵਿੱਚ ਸਾਬਕਾ ਚੈਂਪੀਅਨ ਅਰਜਨਟੀਨਾ ਨੇ ਅੱਜ ਫਰਾਂਸ ਨੂੰ ਪਨੈਲਟੀ ਸ਼ੂਟ-ਆਊਟ ਵਿੱਚ 3-1 ਨਾਲ ਹਰਾ ਕੇ ਫਾਈਨਲ ਵਿੱਚ ਦਾਖਲਾ ਪਾ ਲਿਆ ਹੈ। ਦੋਵੇਂ ਟੀਮਾਂ ਮੈਚ ਦੇ ਨਿਰਧਾਰਤ 60 ਮਿੰਟਾਂ ਦੇ ਸਮੇਂ ਵਿੱਚ ਕੋਈ ਗੋਲ ਨਹੀਂ ਕਰ ਸਕੀਆਂ। ਇਸ ਮਗਰੋਂ ਪਨੈਲਟੀ ਸ਼ੂਟ-ਆਊਟ ਦਿੱਤਾ ਗਿਆ ਤੇ ਅਰਜਲਟੀਨਾ ਟੀਮ ਦੇ ਖਿਡਾਰੀਆਂ ਲੁਕੀਓ ਮੈਂਡੇਜ਼, ਬਾਓਟਿਸਟਾ ਕਾਪੂਰੋ ਤੇ ਫਰੈਂਕੋ ਅਗੋਸਟਿਨੀ ਨੇ ਤਿੰਨ ਗੋਲ ਕੀਤੇ ਤੇ ਟੀਮ ਨੂੰ ਮੈਚ ਜਿਤਾ ਦਿੱਤਾ। ਫਰਾਂਸ ਤਰਫੋਂ ਟਿਮੋਥੀ ਕਲੀਮੈਂਟ ਨੇ ਸ਼ੂਟ-ਆਊਟ ਦੌਰਾਨ ਇਕਲੌਤਾ ਗੋਲ ਕੀਤਾ। ਇਸੇ ਦੌਰਾਨ ਭਾਰਤ ਤੇ ਜਰਮਨੀ ਵਿੱਚ ਵੀ ਸੈਮੀਫਾਈਨਲ ਮੁਕਾਬਲਾ ਜਾਰੀ ਹੈ ਤੇ ਇਸ ਮੁਕਾਬਲੇ ਦੀ ਜੇਤੂ ਟੀਮ ਨਾਲ ਅਰਜਨਟੀਨਾ ਦਾ ਫਾਈਨਲ ਮੁਕਾਬਲਾ ਹੋਵੇਗਾ। -ਆਈਏਐੱਨਐੱਸ