ਭੁਵਨੇਸ਼ਵਰ: ਕੈਨੇਡਾ ’ਤੇ ਧਮਾਕੇਦਾਰ ਜਿੱਤ ਦਰਜ ਕਰਕੇ ਆਪਣੀ ਮੁਹਿੰਮ ਨੂੰ ਲੀਹ ’ਤੇ ਲਿਆਉਣ ਵਾਲੀ ਸਾਬਕਾ ਚੈਂਪੀਅਨ ਭਾਰਤੀ ਟੀਮ ਨੂੰ ਐੱਫਆਈਐੱਚ ਪੁਰਸ਼ ਜੂਨੀਅਰ ਹਾਕੀ ਵਿਸ਼ਵ ਕੱਪ ਦੇ ਕੁਆਰਟਰ ਫਾਈਨਲ ’ਚ ਕੁਆਲੀਫਾਈ ਕਰਨ ਲਈ ਭਲਕੇ ਪੋਲੈਂਡ ਖ਼ਿਲਾਫ਼ ਪੂਲ ‘ਬੀ’ ਦਾ ਆਖਰੀ ਮੈਚ ਹਰ ਹਾਲ ’ਚ ਜਿੱਤਣਾ ਹੋਵੇਗਾ। ਟੂਰਨਾਮੈਂਟ ਸ਼ੁਰੂ ਹੋਣ ਤੋਂ ਪਹਿਲਾਂ ਮਜ਼ਬੂਤ ਦਾਅਵੇਦਾਰ ਮੰਨੇ ਜਾ ਰਹੇ ਭਾਰਤ ਨੂੰ ਪਹਿਲੇ ਹੀ ਮੈਚ ’ਚ ਫਰਾਂਸ ਨੇ 5-4 ਨਾਲ ਹਰਾ ਕੇ ਵੱਡਾ ਉਲਟ ਫੇਰ ਕਰ ਦਿੱਤਾ। ਇਸ ਨਾਲ ਭਾਰਤ ਦੀ ਮੁਹਿੰਮ ਨੂੰ ਵੱਡਾ ਝਟਕਾ ਲੱਗਾ। ਇੱਕ ਜਿੱਤ ਤੇ ਇੱਕ ਹਾਰ ਨਾਲ ਭਾਰਤ ਪੂਲ ‘ਬੀ’ ’ਚ ਦੂਜੇ ਸਥਾਨ ’ਤੇ ਹੈ ਜਦਕਿ ਫਰਾਂਸ ਦੋਵੇਂ ਮੈਚ ਜਿੱਤ ਕੇ ਸਿਖਰ ’ਤੇ ਹੈ। ਪੋਲੈਂਡ ਤੀਜੇ ਸਥਾਨ ’ਤੇ ਹੈ। ਕੁਆਰਟਰ ਫਾਈਨਲ ’ਚ ਭਾਰਤ ਦਾ ਮੁਕਾਬਲਾ ਬੈਲਜੀਅਮ ਨਾਲ ਹੋ ਸਕਦਾ ਹੈ ਜੋ ਪੂਲ ‘ਏ’ ’ਚ ਸਿਖਰ ’ਤੇ ਰਹਿ ਸਕਦੀ ਹੈ। -ਪੀਟੀਆਈ