ਸਤਵਿੰਦਰ ਬਸਰਾ
ਲੁਧਿਆਣਾ, 5 ਜੁਲਾਈ
ਜਰਖੜ ਹਾਕੀ ਅਕੈਡਮੀ ਨੇ ਅਮਰਗੜ੍ਹ ਵਿੱਚ ਕਰਵਾਈ ਗਈ ਮੈਂਗਲ ਸਿੰਘ ਹਾਕੀ ਲੀਗ ਵਿੱਚ ਵਧੀਆ ਖੇਡ ਦਾ ਪ੍ਰਦਰਸ਼ਨ ਕਰਦਿਆਂ ਲਗਾਤਾਰ ਜੇਤੂ ਰਹਿੰਦਿਆਂ ਫਾਈਨਲ ਮੁਕਾਬਲੇ ਵਿਚ ਸੰਗਰੂਰ ਨੂੰ ਹਰਾ ਕੇ ਚੈਂਪੀਅਨ ਬਣਨ ਦਾ ਮਾਣ ਹਾਸਲ ਕੀਤਾ। ਨਨਕਾਣਾ ਸਾਹਿਬ ਪਬਲਿਕ ਸਕੂਲ ਰਾਮਪੁਰ ਛੰਨਾਂ ਅਮਰਗੜ੍ਹ ਵਿੱਤ ਖੇਡੀ ਗਈ ਇਸ ਹਾਕੀ ਲੀਗ ਵਿੱਚ ਕੁੱਲ 6 ਟੀਮਾਂ ਨੇ ਹਿੱਸਾ ਲਿਆ, ਜਿਸ ਦਾ ਫਾਈਨਲ ਮੁਕਾਬਲਾ ਮਾਤਾ ਸਾਹਿਬ ਕੌਰ ਹਾਕੀ ਅਕੈਡਮੀ ਜਰਖੜ ਅਤੇ ਸੰਗਰੂਰ ਇਲੈਵਨ ਦੇ ਵਿਚਕਾਰ ਖੇਡਿਆ ਗਿਆ।
ਇਸ ਸੰਘਰਸ਼ ਪੂਰਨ ਮੁਕਾਬਲੇ ਵਿੱਚ ਜਰਖੜ ਹਾਕੀ ਅਕੈਡਮੀ ਨੇ ਸੰਗਰੂਰ ਨੂੰ 5-4 ਗੋਲਾਂ ਨਾਲ ਮਾਤ ਦਿੱਤੀ। ਜੇਤੂ ਟੀਮ ਵੱਲੋਂ ਜਤਿੰਦਰਪਾਲ ਸਿੰਘ , ਲਵਜੀਤ ਸਿੰਘ ਨੇ 1-1 ਗੋਲ, ਰਵਿੰਦਰ ਸਿੰਘ ਕਾਲਾ ਨੇ 3 ਗੋਲ ਕੀਤੇ ਜਦਕਿ ਸੰਗਰੂਰ ਵੱਲੋਂ ਸੰਜੇ ਕੁਮਾਰ ਅਤੇ ਸੁਖਪ੍ਰੀਤ ਨੇ 2-2 ਗੋਲ ਕੀਤੇ। ਜੇਤੂ ਟੀਮ ਨੂੰ ਮੈਂਗਲ ਸਿੰਘ ਅਮਰਗੜ੍ਹ ਯਾਦਗਰੀ ਚੈਂਪੀਅਨ ਟਰਾਫ਼ੀ ਅਤੇ 15 ਹਜ਼ਾਰ ਦੀ ਰਾਸ਼ੀ ਨਾਲ ਸਨਮਾਨਿਤ ਕੀਤਾ। ਇਸ ਤੋਂ ਪਹਿਲਾਂ ਜਰਖੜ ਹਾਕੀ ਅਕੈਡਮੀ ਨੇ ਅਮਲੋਹ ਨੂੰ 5-4 ਨਾਲ ,ਅਮਰਗੜ੍ਹ ਨੂੰ 9-6 ਨਾਲ, ਕਿਲਾ ਰਾਏਪੁਰ ਨਾਲ 3-3 ਦੀ ਬਰਾਬਰੀ ਅਤੇ ਭਵਾਨੀਗੜ੍ਹ ਨੂੰ 8-5 ਨਾਲ ਹਰਾ ਕੇ ਫਾਈਨਲ ਵਿੱਚ ਪ੍ਰਵੇਸ਼ ਕੀਤਾ। ਫਾਈਨਲ ਫਾਈਨਲ ਮੁਕਾਬਲੇ ਮੌਕੇ ਨਨਕਾਣਾ ਸਾਹਿਬ ਪਬਲਿਕ ਸਕੂਲ ਦੇ ਸਕੱਤਰ ਨੇ ਜੇਤੂਆਂ ਨੂੰ ਇਨਾਮਾਂ ਦੀ ਵੰਡ ਕੀਤੀ ਜਦਕਿ ਮੁੱਖ ਪ੍ਰਬੰਧਕ ਕੋਚ ਇੰਦਰਜੀਤ ਸਿੰਘ ਨੇ ਆਏ ਮਹਿਮਾਨਾਂ ਨੂੰ ਜੀ ਆਇਆਂ ਆਖਿਆ। ਜਰਖੜ ਹਾਕੀ ਅਕੈਡਮੀ ਦੇ ਅਮਰਗੜ੍ਹ ਹਾਕੀ ਟੂਰਨਾਮੈਂਟ ਵਿੱਚ ਚੈਂਪੀਅਨ ਬਣਨ ’ਤੇ ਜਰਖੜ ਖੇਡਾਂ ਦੇ ਚੇਅਰਮੈਨ ਨਰਿੰਦਰਪਾਲ ਸਿੰਘ ਸਿੱਧੂ, ਪ੍ਰਧਾਨ ਐਡਵੋਕੇਟ ਹਰਕਮਲ ਸਿੰਘ, ਮੁੱਖ ਪ੍ਰਬੰਧਕ ਜਗਰੂਪ ਸਿੰਘ ਜਰਖੜ, ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ ਨੇ ਟੀਮ ਦੇ ਕਪਤਾਨ ਗੁਰਸਤਿੰਦਰ ਸਿੰਘ ਪਰਗਟ ਅਤੇ ਖਿਡਾਰੀਆਂ ਨੂੰ ਵਧਾਈ ਦਿੱਤੀ ਹੈ।