ਨਵੀਂ ਦਿੱਲੀ: ਭਾਰਤੀ ਜੈਵਲਿਨ ਥ੍ਰੋਅਰ ਸ਼ਿਵਪਾਲ ਸਿੰਘ ਨੂੰ ਡੋਪ ਟੈਸਟ ਵਿੱਚ ਫੇਲ੍ਹ ਹੋਣ ਕਾਰਨ ਐੱਨਏਡੀਏ ਦੇ ਡੋਪਿੰਗ ਵਿਰੋਧੀ ਅਨੁਸ਼ਾਸਨੀ ਪੈਨਲ ਨੇ ਚਾਰ ਸਾਲਾਂ ਲਈ ਮੁਅੱਤਲ ਕਰ ਦਿੱਤਾ ਹੈ। ਟੋਕੀਓ ਓਲੰਪਿਕ ’ਚ ਹਿੱਸਾ ਲੈਣ ਵਾਲੇ ਸ਼ਿਵਪਾਲ ਨੂੰ ਪਾਬੰਦੀਸ਼ੁਦਾ ਦਵਾਈ ਲੈਣ ਕਾਰਨ ਪਿਛਲੇ ਸਾਲ ਅਕਤੂਬਰ ’ਚ ਅਸਥਾਈ ਤੌਰ ’ਤੇ ਮੁਅੱਤਲ ਕਰ ਦਿੱਤਾ ਗਿਆ ਸੀ। ਉੱਤਰ ਪ੍ਰਦੇਸ਼ ਦੇ 27 ਸਾਲਾ ਅਥਲੀਟ ’ਤੇ ਪਾਬੰਦੀ ਦੀ ਮਿਆਦ ਪਿਛਲੇ ਸਾਲ 21 ਅਕਤੂਬਰ ਤੋਂ ਸ਼ੁਰੂ ਹੋਈ ਸੀ, ਜੋ ਅਕਤੂਬਰ 2025 ਤੱਕ ਰਹੇਗੀ। ਡੋਪਿੰਗ ਰੋਕੂ ਅਨੁਸ਼ਾਸਨੀ ਪੈਨਲ ਨੇ ਅਗਸਤ ’ਚ ਹੀ ਇਹ ਹੁਕਮ ਸੁਣਾ ਦਿੱਤਾ ਸੀ ਪਰ ਹੈਰਾਨੀ ਦੀ ਗੱਲ ਹੈ ਕਿ ਐੱਨਏਡੀਏ ਦੀ ਵੈੱਬਸਾਈਟ ’ਤੇ ਇਸ ਸਬੰਧੀ ਬਹੁਤੀ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ ਸੀ। ਟੋਕੀਓ ਓਲੰਪਿਕ ਤੋਂ ਬਾਅਦ ਉਸ ਦਾ ਟੈਸਟ ਕੀਤਾ ਗਿਆ ਸੀ। ਉਸ ਨੇ ਦੋਹਾ ਵਿੱਚ 2019 ਏਸ਼ਿਆਈ ਚੈਂਪੀਅਨਸ਼ਿਪ ਵਿੱਚ ਚਾਂਦੀ ਦਾ ਤਗ਼ਮਾ ਜਿੱਤਿਆ ਸੀ। -ਪੀਟੀਆਈ