ਨਵੀਂ ਦਿੱਲੀ: ਕਰੋਨਾ ਦੇ ਮੱਦੇਨਜ਼ਰ ਭਾਰਤ ਤੋਂ ਐਮਸਟਰਡਮ ਲਈ ਉਡਾਨ ’ਤੇ ਰੋਕ ਲੱਗਣ ਕਾਰਨ ਹਿਮਾ ਦਾਸ ਅਤੇ ਦੁੱਤੀ ਚੰਦ ਜਿਹੀਆਂ ਭਾਰਤੀ ਅਥਲੀਟਾਂ ਦਾ ਪੋਲੈਂਡ ਵਿੱਚ ਪਹਿਲੀ ਤੇ ਦੋ ਮਈ ਨੂੰ ਹੋਣ ਵਾਲੇ ਵਿਸ਼ਵ ਅਥਲੈਟਿਕਸ ਰਿਲੇਅ ਦੇ ਓਲੰਪਿਕ ਕੁਆਲੀਫਾਈਂਗ ਮੁਕਾਬਲੇ ਵਿੱਚ ਹਿੱਸਾ ਲੈਣਾ ਮੁਸ਼ਕਲ ਲੱਗ ਰਿਹਾ ਹੈ। ਭਾਰਤੀ ਮਹਿਲਾ 4X100 ਮੀਟਰ ਅਤੇ ਪੁਰਸ਼ 4X100 ਮੀਟਰ ਦੌੜ ਰਿਲੇਅ ਟੀਮਾਂ ਨੇ ਵੀਰਵਾਰ ਤੜਕੇ ਕੇਐੱਲਐੱਮ ਉਡਾਨ ਰਾਹੀਂ ਐਮਸਟਰਡਮ ਰਵਾਨਾ ਹੋਣਾ ਸੀ ਪਰ ਨੈਦਰਲੈਂਡ ਸਰਕਾਰ ਨੇ ਭਾਰਤ ਤੋਂ ਆਉਣ ਵਾਲੀਆਂ ਉਡਾਨਾਂ ’ਤੇ ਰੋਕ ਲਾ ਦਿੱਤੀ ਹੈ। ਭਾਰਤੀ ਅਥਲੈਟਿਕ ਫੈਡਰੇਸ਼ਨ ਦੇ ਅਧਿਕਾਰੀ ਨੇ ਦੱਸਿਆ, ‘‘ਸਾਡੀ ਟੀਮ ਦੇ ਵਿਸ਼ਵ ਰਿਲੇਅ ਮੁਕਾਬਲੇ ਵਿੱਚ ਹਿੱਸਾ ਲੈਣ ਦੀ ਸੰਭਾਵਨਾ ਬਹੁਤ ਘਟ ਹੈ। ਕਈ ਯੂਰਪੀ ਦੇਸ਼ਾਂ ਨੇ ਭਾਰਤ ਤੋਂ ਉਡਾਨਾਂ ਰੋਕ ਦਿੱਤੀਆਂ ਹਨ। ਇਸ ਲਈ ਸੰਭਾਵਨਾ ਹੈ ਕਿ ਸਾਡੀ ਟੀਮ ਮੁਕਾਬਲੇ ਲਈ ਉਥੇ ਨਾ ਪਹੁੰਚ ਸਕੇ। ਫਿਰ ਵੀ ਸਾਡੇ ਵੱਲੋਂ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ।’’ -ਪੀਟੀਆਈ