ਚੇਨੱਈ, 11 ਅਪਰੈਲ
ਕੋਲਕਾਤਾ ਨਾਈਟ ਰਾਈਡਰਜ਼ ਨੇ ਅੱਜ ਆਈਪੀਐਲ ਦੇ ਮੈਚ ਵਿਚ ਸਨਰਾਈਜ਼ਰ ਹੈਦਰਾਬਾਦ ਨੂੰ 10 ਦੌੜਾਂ ਨਾਲ ਹਰਾ ਦਿੱਤਾ ਹੈ ਸਲਾਮੀ ਬੱਲੇਬਾਜ਼ ਨਿਤੀਸ਼ ਰਾਣਾ ਦੀਆਂ 80 ਤੇ ਰਾਹੁਲ ਤ੍ਰਿਪਾਠੀ ਦੀਆਂ 53 ਦੌੜਾਂ ਸਦਕਾ ਕੋਲਕਾਤਾ ਨਾਈਟ ਰਾਈਡਰਜ਼ ਨੇ ਸਨਰਾਈਜ਼ਰ ਹੈਦਰਾਬਾਦ ਖ਼ਿਲਾਫ਼ ਵੀਹ ਓਵਰਾਂ ਵਿਚ ਛੇ ਵਿਕਟਾਂ ਦੇ ਨੁਕਸਾਨ ਨਾਲ 187 ਦੌੜਾਂ ਬਣਾਈਆਂ ਜਦਕਿ ਸਨਰਾਈਜ਼ਰ ਨਿਰਧਾਰਿਤ ਓਵਰਾਂ ਵਿਚ ਪੰਜ ਵਿਕਟਾਂ ਦੇ ਨੁਕਸਾਨ ’ਤੇ 177 ਦੌੜਾਂ ਹੀ ਬਣਾ ਸਕਿਆ। ਸਨਰਾਈਜ਼ਰ ਦੀ ਸ਼ੁਰੂਆਤ ਖਰਾਬ ਰਹੀ ਤੇ ਉਸ ਦੇ ਦੋਵੇਂ ਸਲਾਮੀ ਬੱਲੇਬਾਜ਼ 10 ਦੌੜਾਂ ਬਣਾ ਕੇ ਹੀ ਆਊਟ ਹੋ ਗਏ। ਇਸ ਤੋਂ ਬਾਅਦ ਮਨੀਸ਼ ਪਾਂਡੇ ਤੇ ਜੋਹਨੀ ਬੇਅਰੀਸਟੋਅ ਨੇ ਤੇਜ਼ੀ ਨਾਲ ਦੌੜਾਂ ਬਣਾਈਆਂ ਪਰ ਵਿਕਟਾਂ ਡਿਗਣ ਕਾਰਨ ਸਨਰਾਈਜ਼ਰ ਤੇਜ਼ ਗਤੀ ਨਾਲ ਦੌੜਾਂ ਬਣਾਉਣ ਦੀ ਲੈਅ ਬਰਕਰਾਰ ਨਹੀਂ ਰੱਖ ਸਕਿਆ ਤੇ ਟੀਮ 177 ਦੌੜਾਂ ਹੀ ਬਣਾ ਸਕੀ। ਇਸ ਤੋਂ ਪਹਿਲਾਂ ਸਨਰਾਈਜ਼ਰ ਦੇ ਰਾਸ਼ਿਦ ਖਾਨ ਨੇ 24 ਦੌੜਾਂ ਦੇ ਕੇ ਦੋ ਵਿਕਟਾਂ ਹਾਸਲ ਕੀਤੀਆਂ, ਉਸ ਨੇ ਕੋਲਕਾਤਾ ਦੇ ਬੱਲੇਬਾਜ਼ਾਂ ਨੂੰ ਖਾਸਾ ਪ੍ਰੇਸ਼ਾਨ ਕੀਤਾ। ਦਿਨੇਸ਼ ਕਾਰਤਿਕ ਨੇ 9 ਗੇਂਦਾਂ ਵਿਚ 22 ਦੌੜਾਂ ਬਣਾ ਕੇ ਦੌੜਾਂ ਵਿਚ ਤੇਜ਼ੀ ਲਿਆਂਦੀ। -ਪੀਟੀਆਈ